ਮਸ਼ਹੂਰ ਟੀਵੀ ਸੀਰੀਅਲ ਰਾਮਾਇਣ ਵਿੱਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 82 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਤ੍ਰਿਵੇਦੀ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਰਾਵਣ ਦੀ ਭੂਮਿਕਾ ਨਿਭਾਈ ਸੀ, ਜਿਸਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਅਰਵਿੰਦ ਤ੍ਰਿਵੇਦੀ ਦਾ ਅੰਤਿਮ ਸੰਸਕਾਰ ਅੱਜ (ਬੁੱਧਵਾਰ) ਸਵੇਰੇ ਮੁੰਬਈ ਦੇ ਦਹਨੁਕਰਵਾੜੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਹ ਲੰਮੇ ਸਮੇਂ ਤੋਂ ਬਿਮਾਰ ਸਨ, ਪਰ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਭਤੀਜੇ ਨੇ ਵੀ ਕੀਤੀ ਹੈ।
‘ਰਾਮਾਇਣ’ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਤੋਂ ਇਲਾਵਾ ਵੀ ਅਰਵਿੰਦ ਤ੍ਰਿਵੇਦੀ ਦੇ ਬਹੁਤ ਸਾਰੇ ਕਿਰਦਾਰਾਂ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਟੀਵੀ ਸੀਰੀਅਲ ‘ਵਿਕਰਮ ਔਰ ਬੇਤਾਲ’ ਵਿੱਚ ਵੀ ਕੰਮ ਕੀਤਾ ਸੀ। ਇਸ ਸ਼ੋਅ ਨੇ ਛੋਟੇ ਪਰਦੇ ‘ਤੇ ਵੀ ਲੰਮੇ ਸਮੇਂ ਤੱਕ ਦਬਦਬਾ ਬਣਾਇਆ ਸੀ। ਅਰਵਿੰਦ ਤ੍ਰਿਵੇਦੀ ਦਾ ਜਨਮ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਜਰਾਤੀ ਥੀਏਟਰ ਨਾਲ ਕੀਤੀ ਸੀ। ਉਨ੍ਹਾਂ ਦਾ ਭਰਾ ਉਪੇਂਦਰ ਤ੍ਰਿਵੇਦੀ ਵੀ ਗੁਜਰਾਤੀ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਨਾਮ ਰਿਹਾ ਹੈ ਅਤੇ ਗੁਜਰਾਤੀ ਫਿਲਮਾਂ ਵਿੱਚ ਕੰਮ ਕੀਤਾ ਹੈ। ਅਰਵਿੰਦ ਤ੍ਰਿਵੇਦੀ ਨੇ ਗੁਜਰਾਤੀ ਭਾਸ਼ਾ ਦੀਆਂ ਧਾਰਮਿਕ ਅਤੇ ਸਮਾਜਿਕ ਫਿਲਮਾਂ ਰਾਹੀਂ ਗੁਜਰਾਤੀ ਦਰਸ਼ਕਾਂ ਵਿੱਚ ਮਾਨਤਾ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਨੇ 40 ਸਾਲਾਂ ਤੱਕ ਯੋਗਦਾਨ ਪਾਇਆ। ਉਨ੍ਹਾਂ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਕਈ ਪੁਰਸਕਾਰ ਵੀ ਮਿਲੇ ਸਨ।
ਪਿਛਲੇ ਸਾਲ ਕੋਰੋਨਾ ਲੌਕਡਾਊਨ ਦੌਰਾਨ ਟੈਲੀਵਿਜ਼ਨ ‘ਤੇ ਰਾਮਾਇਣ ਸ਼ੋਅ ਦਾ ਮੁੜ ਪ੍ਰਸਾਰਣ ਕੀਤਾ ਗਿਆ ਸੀ, ਜਿਸ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ। ਤ੍ਰਿਵੇਦੀ ਨੇ ਘੱਟੋ -ਘੱਟ 300 ਹਿੰਦੀ ਅਤੇ ਗੁਜਰਾਤੀ ਫਿਲਮਾਂ ਵਿੱਚ ਕੰਮ ਕੀਤਾ। 2002 ਵਿੱਚ, ਉਨ੍ਹਾਂ ਨੂੰ ਸੈਂਟਰਲ ਬੋਰਡ ਫਾਰ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦਾ ਕਾਰਜਕਾਰੀ ਚੇਅਰਮੈਨ ਵੀ ਬਣਾਇਆ ਗਿਆ ਸੀ। ਇਸ ਤੋਂ ਇਲਾਵਾ, ਉਹ ਸਾਲ 1991 ਵਿੱਚ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਸੰਸਦ ਮੈਂਬਰ ਵੀ ਬਣੇ ਅਤੇ ਪੰਜ ਸਾਲ ਇਸ ਅਹੁਦੇ ‘ਤੇ ਰਹੇ ਸੀ।