ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਦਿਨ ਦੇਸ਼ ‘ਤੇ ਰਾਜ ਕਰੇਗੀ। ਕੇਜਰੀਵਾਲ ਨੇ ਆਪਣੀ ਪਾਰਟੀ ‘ਆਪ’ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਦੱਸਿਆ ਹੈ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਆਏ ਸਾਰੇ ਲੋਕ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਪਾਰਟੀ ਦਾ ਹਿੱਸਾ ਹਨ।
ਕੇਜਰੀਵਾਲ ਨੇ ਵਰਕਰ ਸੰਮੇਲਨ ‘ਚ ਕਿਹਾ ਕਿ ਅੱਜ ਤੱਕ ਪੂਰੀ ਦੁਨੀਆ ‘ਚ ਅਜਿਹੀ ਕੋਈ ਪਾਰਟੀ ਨਹੀਂ ਰਹੀ ਜਿਸ ਨੇ ਇੰਨੀ ਤੇਜ਼ੀ ਨਾਲ ਤਰੱਕੀ ਕੀਤੀ ਹੋਵੇ। ਦਿੱਲੀ ਦੇ ਸੀਐਮ ਨੇ ਕਿਹਾ ਕਿ ਪਾਰਟੀ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਪਾਰਟੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਅਸੀਂ ਦਿੱਲੀ ਵਿੱਚ ਸਰਕਾਰ ਬਣਾਈ ਅਤੇ ਪੰਜਾਬ ਵਿੱਚ ਸਰਕਾਰ ਬਣਾਈ। ਗੁਜਰਾਤ ਵਿੱਚ ਅਸੀਂ 14 ਫੀਸਦੀ ਵੋਟਾਂ ਹਾਸਿਲ ਕੀਤੀਆਂ ਅਤੇ ਪੰਜ ਵਿਧਾਇਕ ਬਣਾਏ।