ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਗ੍ਰਿਫਤਾਰ ਕਰ ਸਕਦੀ ਹੈ। ਕੇਜਰੀਵਾਲ ਨੇ ਆਪਣੇ ਖਦਸ਼ੇ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ ਹੈ। ਕੇਜਰੀਵਾਲ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਪਾਰਟੀ ਨੇ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ-ਇੰਚਾਰਜ ਬਣਾਇਆ ਹੈ ਅਤੇ ਉਨ੍ਹਾਂ ਨੇ ਗੁਜਰਾਤ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਹੁਣ ਸੁਣ ਰਹੇ ਹਾਂ ਕਿ ਇਹ ਲੋਕ ਰਾਘਵ ਚੱਢਾ ਨੂੰ ਗ੍ਰਿਫਤਾਰ ਕਰਨਗੇ। ਤੁਸੀਂ ਕਿਸ ਕੇਸ ਵਿੱਚ ਇਹ ਕਰੋਗੇ? ਚਾਰਜ ਕੀ ਹੋਣਗੇ? ਉਹ ਲੋਕ ਹੁਣ ਇਹ ਬਣਾ ਰਹੇ ਹਨ।
ਕੇਜਰੀਵਾਲ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਦਿੱਲੀ ਦੀ ਸ਼ਰਾਬ ਨੀਤੀ ਵਿੱਚ ਗੜਬੜੀ ਲਈ ਸਿਸੋਦੀਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਈਡੀ ਨੇ ਉਨ੍ਹਾਂ ਦੇ ਘਰ ਵੀ ਛਾਪਾ ਮਾਰਿਆ ਹੈ। ਕੇਜਰੀਵਾਲ ਨੇ ਦਿੱਲੀ ਸਰਕਾਰ ‘ਚ ਮੰਤਰੀ ਸਤੇਂਦਰ ਜੈਨ ਦੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਇਆ ਸੀ। ਜੈਨ ਨੂੰ ਕੁੱਝ ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ।