ਅਰਜੁਨ ਤੇਂਦੁਲਕਰ ਦਾ ਸਿਰਫ ਨਾਮ ਹੀ ਕਾਫੀ ਹੈ। ਇਹ ਨਾਮ ਆਈਪੀਐਲ 2023 ਵਿੱਚ ਸਭ ਤੋਂ ਵੱਧ ਸੁਰਖੀਆਂ ਵਿੱਚ ਰਹਿ ਰਿਹਾ ਹੈ। ਸਿਰਫ਼ ਇਸ ਲਈ ਨਹੀਂ ਕਿ ਉਹ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਬੇਟਾ ਹੈ, ਸਗੋਂ ਇਸ ਲਈ ਕਿ ਉਸ ਨੇ ਹੁਣ ਤੱਕ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਅਰਜੁਨ ਨੇ ਆਪਣੇ ਯਾਰਕਰ ਅਤੇ ਬਾਊਂਸਰਾਂ ਨਾਲ ਸਭ ਦਾ ਧਿਆਨ ਖਿੱਚਿਆ ਹੈ ਪਰ ਇਕ ਪਹਿਲੂ ਅਜਿਹਾ ਵੀ ਹੈ ਜਿਸ ਨੂੰ ਕਮਜ਼ੋਰੀ ਮੰਨਿਆ ਜਾ ਰਿਹਾ ਹੈ। ਇਹ ਉਨ੍ਹਾਂ ਦੀ ਰਫ਼ਤਾਰ ਹੈ ਪਰ ਹੁਣ ਨਿਊਜ਼ੀਲੈਂਡ ਦੇ ਪੁਲਿਸ ਵਾਲੇ ਨੇ ਇਸ ਨੂੰ ਵਧਾਉਣ ਦਾ ਬੀੜਾ ਚੁੱਕਿਆ ਹੈ।
ਹੁਣ ਪੁਲਿਸ ਵਾਲਾ ਅਰਜੁਨ ਦੀ ਸਪੀਡ ਕਿਵੇਂ ਵਧਾਏਗਾ? ਇਹ ਸਵਾਲ ਤੁਹਾਡੇ ਮਨ ਵਿੱਚ ਵੀ ਜ਼ਰੂਰ ਉੱਠ ਰਿਹਾ ਹੋਵੇਗਾ। ਇਸ ਬਾਰੇ ਅੱਗੇ ਦੱਸਾਂਗੇ। ਪਹਿਲਾਂ ਅਰਜੁਨ ਦੀ ਗਤੀ ‘ਤੇ ਥੋੜ੍ਹੀ ਗੱਲ ਕਰੀਏ। ਆਈਪੀਐਲ ਵਿੱਚ ਆਪਣਾ ਡੈਬਿਊ ਕਰਨ ਵਾਲੇ ਅਰਜੁਨ ਦੇ ਯਾਰਕਰ ਅਤੇ ਹੌਲੀ ਬਾਊਂਸਰ ਕਾਫੀ ਕਾਰਗਰ ਸਾਬਿਤ ਹੋਏ ਹਨ। ਹਾਲਾਂਕਿ ਉਸ ਦੀਆਂ ਜ਼ਿਆਦਾਤਰ ਗੇਂਦਾਂ ਦੀ ਰਫਤਾਰ 120 ਤੋਂ 130 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ।
ਅਰਜੁਨ ਦੀਆਂ ਗੇਂਦਾਂ ਦੀ ਘੱਟ ਰਫਤਾਰ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਅਰਜੁਨ ਨੂੰ ਸਫਲਤਾ ਹਾਸਿਲ ਕਰਨ ਲਈ ਆਪਣੀ ਰਫਤਾਰ ਨੂੰ ਥੋੜਾ ਵਧਾਉਣ ਦੀ ਲੋੜ ਹੈ। ਇਸ ਦੀ ਜ਼ਿੰਮੇਵਾਰੀ ਹੁਣ ਨਿਊਜ਼ੀਲੈਂਡ ਪੁਲਿਸ ਨੇ ਲਈ ਹੈ। ਅਸੀਂ ਗੱਲ ਕਰ ਰਹੇ ਹਾਂ ਅਨੁਭਵੀ ਤੇਜ਼ ਗੇਂਦਬਾਜ਼ ਸ਼ੇਨ ਬੌਂਡ ਦੀ, ਜੋ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਵੀ ਹਨ। ਆਪਣੇ ਸਮੇਂ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ, ਬੌਂਡ ਕ੍ਰਿਕਟਰ ਬਣਨ ਤੋਂ ਪਹਿਲਾਂ ਪੁਲਿਸ ਦੀ ਨੌਕਰੀ ਕਰਦੇ ਸੀ।
ਗੁਜਰਾਤ ਟਾਇਟਨਸ ਦੇ ਖਿਲਾਫ ਮੁੰਬਈ ਦੀ ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਬੌਂਡ ਤੋਂ ਅਰਜੁਨ ਦੀ ਗੇਂਦਬਾਜ਼ੀ ਬਾਰੇ ਸਵਾਲ ਪੁੱਛੇ ਗਏ ਸਨ। ਕੀਵੀ ਦਿੱਗਜ ਨੇ ਨੌਜਵਾਨ ਗੇਂਦਬਾਜ਼ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਸ ਨੇ ਉਹੀ ਕੀਤਾ ਜੋ ਟੀਮ ਪ੍ਰਬੰਧਨ ਨੇ ਅਰਜੁਨ ਨੂੰ ਕਰਨ ਲਈ ਕਿਹਾ। ਬੌਂਡ ਨੇ ਵੀ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਅਰਜੁਨ ਦੀ ਰਫਤਾਰ ਵਧਾਉਣ ਦੀ ਜ਼ਰੂਰਤ ਹੈ ਅਤੇ ਉਹ ਖੁਦ ਇਸ ‘ਤੇ ਉਸ ਨਾਲ ਕੰਮ ਕਰਨਗੇ ਪਰ ਟੀਮ ਅਤੇ ਕੋਚ ਅਰਜੁਨ ਦੇ ਹੁਣ ਤੱਕ ਦੇ ਪ੍ਰਦਰਸ਼ਨ ਤੋਂ ਖੁਸ਼ ਹਨ।
ਖੱਬੇ ਹੱਥ ਦੇ ਮੀਡੀਅਮ ਤੇਜ਼ ਗੇਂਦਬਾਜ਼ ਅਰਜੁਨ ਨੇ ਆਈਪੀਐਲ ਵਿੱਚ ਹੁਣ ਤੱਕ 4 ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ 3 ਵਿਕਟਾਂ ਆਪਣੇ ਖਾਤੇ ਵਿੱਚ ਪਾਈਆਂ ਹਨ। ਗੁਜਰਾਤ ਦੇ ਖਿਲਾਫ ਵੀ ਉਸ ਨੇ ਦੂਜੇ ਓਵਰ ‘ਚ ਹੀ ਰਿਧੀਮਾਨ ਸਾਹਾ ਦਾ ਵਿਕਟ ਲਿਆ ਸੀ। ਉਸ ਨੂੰ ਸਿਰਫ 2 ਓਵਰ ਮਿਲੇ, ਜਿਸ ‘ਚ ਉਸ ਨੇ 9 ਦੌੜਾਂ ਦੇ ਕੇ 1 ਵਿਕਟ ਲਈ। ਅਰਜੁਨ ਦੀ ਇਹ ਵਾਪਸੀ ਜ਼ਬਰਦਸਤ ਸੀ ਕਿਉਂਕਿ ਪੰਜਾਬ ਕਿੰਗਜ਼ ਦੇ ਖਿਲਾਫ ਪਿਛਲੇ ਮੈਚ ‘ਚ ਉਸ ਨੇ ਇਕ ਓਵਰ ‘ਚ 31 ਦੌੜਾਂ ਦਿੱਤੀਆਂ ਸਨ।