ਦੁਨੀਆ ਭਰ ‘ਚ ਜ਼ਬਰ ਜਨਾਹ ਦੇ ਮਾਮਲਿਆਂ ‘ਚ ਸਖ਼ਤ ਸਜ਼ਾ ਸੁਣਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਲੋਕ ਇਸ ਘਿਨੌਣੇ ਕਾਰੇ ਤੋਂ ਬਾਜ਼ ਨਹੀਂ ਆਉਂਦੇ। ਅਜਿਹਾ ਇੱਕ ਮਾਮਲਾ ਐਡੀਲੇਡ ਤੋਂ ਵੀ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਹੁਣ ਅਦਾਲਤ ਨੇ ਸਜ਼ਾ ਸੁਣਾਈ ਹੈ। ਦਰਅਸਲ ਇੱਥੇ ਡਿਸੇਬਲਟੀ ਵਰਕਰ ਅਰਜੁਨ ਕੇਂਡਲ ਨੇ ਇਸ ਸ਼ਰਮਨਾਕ ਕਾਰੇ ਨੂੰ ਅੰਜ਼ਾਮ ਦਿੱਤਾ ਸੀ ਤੇ ਹੈਰਾਨੀ ਵਾਲੀ ਇੱਕ ਗੱਲ ਇਹ ਵੀ ਹੈ ਕਿ ਉਸ ਨੇ ਆਪਣੀ ਸਾਂਭ-ਸੰਭਾਲ ‘ਚ ਹੀ ਇੱਕ 35 ਸਾਲਾ ਮੰਦਬੁੱਧੀ ਮਹਿਲਾ ਦਾ ਬਲਾਤਕਾਰ ਕੀਤਾ ਸੀ, ਰਿਪੋਰਟ ਮੁਤਾਬਿਕ ਇਸ ਮਾਮਲੇ ਵਿੱਚ ਉਸ ‘ਤੇ ਅਸ਼ਲੀਲ ਢੰਗ ਨਾਲ ਮਹਿਲਾ ‘ਤੇ ਹਮਲਾ ਕਰਨ ਤੇ ਉਸਦਾ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਨ। ਰਿਪੋਰਟਾਂ ਮੁਤਾਬਿਕ ਮਹਿਲਾ ਆਪਣੀ ਸ਼ਰੀਰਿਕ ਦਿੱਕਤ ਕਾਰਨ ਨਾ ਤਾਂ ਚੰਗੀ ਤਰ੍ਹਾਂ ਬੋਲ ਸਕਦੀ ਹੈ ਤੇ ਨਾ ਹੀ ਜਿਆਦਾ ਕੁਝ ਸਮਝ ਸਕਦੀ ਹੈ। ਇਸ ਮਾਮਲੇ ‘ਚ ਹੁਣ ਐਡੀਲੇਡ ਡਿਸਟ੍ਰੀਕਟ ਕੋਰਟ ਨੇ 12 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਪੈਰੋਲ ਦਾ ਘੱਟੋ-ਘੱਟ ਸਮਾਂ 7 ਸਾਲ ਰੱਖਿਆ ਗਿਆ ਹੈ। ਇਸ ਦੌਰਾਨ ਜੱਜ ਨੇ ਲਾਹਨਤਾਂ ਪਾਉਂਦਿਆਂ ਕਿਹਾ ਕਿ ਇਹ ਸਜ਼ਾ ਉਨ੍ਹਾਂ ਵਹਿਸ਼ੀ ਦਰਿੰਦਿਆਂ ਲਈ ਇੱਕ ਉਦਾਹਰਣ ਹੈ, ਜੋ ਸੋਚਦੇ ਹਨ ਕਿ ਡਿਸੇਬਲ ਲੋਕਾਂ ਨਾਲ ਜਿਵੇਂ ਮਰਜੀ ਕੋਈ ਧੱਕਾ ਕਰ ਲਏ ਤੇ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ।
