ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਬੁੱਧਵਾਰ ਨੂੰ ਕ੍ਰਾਈਸਟਚਰਚ ਵਿੱਚ ਇੱਕ ਨਵੇਂ ਬਣੇ ਸਕੂਲ ਦੇ ਉਦਘਾਟਨ ਸਮਾਗਮ ‘ਚ ਪਹੁੰਚੇ ਸੀ। ਜਿੱਥੇ ਉਨ੍ਹਾਂ ਦਾ ਇੱਕ ਵੱਖਰਾ ਜਿਹਾ ਅੰਦਾਜ਼ ਦੇਖਣ ਨੂੰ ਮਿਲਿਆ, ਦਰਅਸਲ ਵਿਦਿਆਰਥੀਆਂ ਦਾ ਇੱਕ ਗਰੁੱਪ ਉਨ੍ਹਾਂ ਨਾਲ ਤਸਵੀਰਾਂ ਲੈਣੀਆਂ ਚਾਹੁੰਦਾ ਸੀ, ਤਾਂ ਇਸ ਦੌਰਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਖੁਦ ਹੀ ਉਨ੍ਹਾਂ ਕੋਲ ਪਹੁੰਚ ਗਏ ਅਤੇ ਉਨ੍ਹਾਂ ਨੇ ਫੋਨ ਫੜ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਉਨ੍ਹਾਂ ਦੇ ਇਸ ਵਿਲੱਖਣ ਢੰਗ ਨੇ ਸਭ ਨੂੰ ਖੁਸ਼ ਕਰ ਦਿੱਤਾ।
ਪ੍ਰਧਾਨ ਮੰਤਰੀ ਆਰਡਰਨ ਟੇ ਅਰਤਾਈ ਕਾਲਜ ਦੇ ਨਵੇਂ ਕੈਂਪਸ ਦਾ ਦੌਰਾ ਕਰ ਰਹੇ ਸੀ ਜੋ ਪਿਛਲੇ ਮਹੀਨੇ ਨਾਮ ਬਦਲਣ ਤੋਂ ਪਹਿਲਾਂ ਲਿਨਵੁੱਡ ਕਾਲਜ ਵਜੋਂ ਜਾਣਿਆ ਜਾਂਦਾ ਸੀ। ਪ੍ਰਧਾਨ ਮੰਤਰੀ ਦੀ ਫੇਰੀ ਦਾ ਮਕਸਦ ਕਾਲਜ ਦੇ ਮੁੜ ਬਣੇ ਕੈਂਪਸ ਦਾ ਰਸਮੀ ਉਦਘਾਟਨ ਕਰਨਾ ਸੀ। ਹਾਲਾਂਕਿ ਪੁਲਿਸ ਨੇ ਸਕੂਲ ਕੈਂਪਸ ਦੇ ਬਾਹਰ ਕਈ ਦਰਜਨ ਪ੍ਰਦਰਸ਼ਨਕਾਰੀਆਂ ਦਾ ਵੀ ਸਾਹਮਣਾ ਕੀਤਾ, ਹਾਲਾਂਕਿ, ਪ੍ਰਧਾਨ ਮੰਤਰੀ ਆਰਡਰਨ ਨਾਲ ਉਨ੍ਹਾਂ ਦਾ ਸਾਹਮਣਾ ਨਹੀਂ ਹੋਇਆ। ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦਾ ਸਮਾਗਮ ‘ਤੇ “ਜ਼ੀਰੋ ਪ੍ਰਭਾਵ” ਸੀ।