ਨਿਊਜੀਲੈਂਡ ‘ਚ ਵੱਧਦੇ ਕਰਾਈਮ ਰੇਟ ਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਵਧਾਈ ਹੈ, ਉੱਥੇ ਹੀ ਪ੍ਰਸ਼ਾਸਨ ਦੀਆਂ ਵੀ ਨੀਦਾਂ ਉੱਡੀਆਂ ਹੋਈਆਂ ਨੇ। ਦਰਅਸਲ ਦੇਸ਼ ‘ਚ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਜਿਸ ਕਾਰਨ ਹੁਣ ਸਰਕਾਰ ਨੂੰ ਵੀ ਵੱਡੇ ਫੈਸਲੇ ਲੈਣੇ ਪੈ ਰਹੇ ਨੇ। ਅਪਰਾਧੀਆਂ ‘ਤੇ ਲਗਾਮ ਲਾਉਣ ਲਈ ਸਰਕਾਰ ਨੇ Criminal Proceedings Recovery Act ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਇਸ ਕਾਨੂੰਨ ਦਾ ਮਤਲਬ ਹੈ ਕਿ ਜਿਹੜੇ ਲੋਕ ਆਪਣੇ ਸਾਥੀਆਂ ਦੇ ਨਾਮ ‘ਤੇ ਜਾਇਦਾਦਾਂ ਤੇ ਪੈਸਾ ਰੱਖਦੇ ਹਨ, ਉਨ੍ਹਾਂ ‘ਤੇ ਹੁਣ ਸ਼ਿਕੰਜਾ ਕਸਿਆ ਜਾਵੇਗਾ। ਕਿਉਂਕ ਇਹ ਅਪਰਾਧੀ ਆਪਣੇ ਨਾਮ ਦੀ ਬਜਾਏ ਅਤੇ ਕਰੀਬੀਆਂ ਦੇ ਨਾਮ ‘ਤੇ ਵੱਖ-ਵੱਖ ਤਰੀਕਿਆਂ ‘ਚ ਪੈਸਾ ਇਕੱਠਾ ਕਰਕੇ ਰੱਖਦੇ ਹਨ। ਇੰਨ੍ਹਾਂ ਹੀ ਨਹੀਂ ਫਿਰ ਗਲਤ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਇਸ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ।
ਇਸੇ ਕਾਰਨ Criminal Proceedings Recovery Act ‘ਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਹੁਣ ਪੁਲਿਸ ਸ਼ੱਕੀ ਲੋਕਾਂ ਤੋਂ ਪੁੱਛ ਪੜਤਾਲ ਕਰ ਸਕੇਗੀ ਕਿ ਉਨ੍ਹਾਂ ਨੇ ਪੈਸਾ ਅਤੇ ਜਾਇਦਾਦਾਂ ਕਿਵੇਂ ਬਣਾਈਆਂ ਹਨ। ਜੇਕਰ ਸ਼ੱਕੀ ਵਿਅਕਤੀ ਸਹੀ ਦਸਤਾਵੇਜ਼ ਪੇਸ਼ ਨਹੀਂ ਕਰਦਾ ਤਾਂ ਉਨ੍ਹਾਂ ਦੀ ਜਾਇਦਾਦ ਅਤੇ ਪੈਸਾ ਜ਼ਬਤ ਕਰ ਲਿਆ ਜਾਵੇਗਾ। ਇਸ ਫੈਸਲੇ ਕਾਰਨ ਅਪਰਾਧੀਆਂ ਨੂੰ ਹੁੰਦੀ ਫੰਡਿੰਗ ਦੇ ਵਿੱਚ ਵੱਡੀ ਕਮੀ ਆਵੇਗੀ ਅਤੇ ਕ੍ਰਾਈਮ ਘਟਾਉਣ ‘ਚ ਵੀ ਵੱਡੀ ਮਦਦ ਮਿਲੇਗੀ।