ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੋਵਾਂ ਦੇਸ਼ਾਂ ਵਿਚਕਾਰ ਖੋਜ, ਯਾਤਰਾ ਅਤੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਕਈ ਅਹਿਮ ਕਦਮ ਚੁੱਕੇ ਹਨ। ਡਾਊਨਿੰਗ ਸੇਂਟ ਵਿਖੇ ਹੋਈ ਮੀਟਿੰਗ ਦੌਰਾਨ, ਵਿਸ਼ਵ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੀ ਦੁਵੱਲੀ ਵਰਕਿੰਗ ਹੋਲੀਡੇ/ਯੂਥ ਮੋਬਿਲਿਟੀ ਸਕੀਮ ਨੂੰ ਵਧਾਉਣ ਲਈ ਸਹਿਮਤੀ ਪ੍ਰਗਟਾਈ। ਆਰਡਰਨ ਨੇ ਕਿਹਾ ਕਿ, “ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣੀ ਵਰਕਿੰਗ ਹੋਲੀਡੇ/ਯੂਥ ਮੋਬਿਲਿਟੀ ਸਕੀਮ ਵਿੱਚ ਅੱਪਗ੍ਰੇਡ ਕੀਤਾ ਹੈ ਜੋ ਯੂਕੇ ਅਤੇ ਨਿਊਜ਼ੀਲੈਂਡ ਦੇ ਵਧੇਰੇ ਨਾਗਰਿਕਾਂ ਨੂੰ ਲੰਬੇ ਸਮੇਂ ਲਈ ਇੱਕ ਦੂਜੇ ਦੇ ਦੇਸ਼ਾਂ ਵਿੱਚ ਯਾਤਰਾ ਕਰਨ ਅਤੇ ਕੰਮ ਕਰਨ ਦੀ ਇਜਾਜ਼ਤ ਦੇਵੇਗਾ।”
ਇੱਕ ਵਾਰ ਲਾਗੂ ਹੋਣ ‘ਤੇ, ਉਮਰ ਸੀਮਾ 30 ਸਾਲ ਤੋਂ ਵਧਾ ਕੇ 35 ਕਰ ਦਿੱਤੀ ਜਾਵੇਗੀ, ਅਤੇ ਠਹਿਰਨ ਦੀ ਮਿਆਦ ਤਿੰਨ ਸਾਲ ਤੱਕ ਵਧਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀਆਂ ਨੇ ਇੱਕ ਨਵੀਂ ਵਿਵਸਥਾ ‘ਤੇ ਵੀ ਹਸਤਾਖਰ ਕੀਤੇ ਜੋ ਖੋਜ, ਵਿਗਿਆਨ ਅਤੇ ਨਵੀਨਤਾ ਦੀਆਂ ਗਤੀਵਿਧੀਆਂ ਵਿੱਚ ਹੋਰ ਸਹਿਯੋਗ ਲਈ ਇੱਕ ਢਾਂਚਾ ਨਿਰਧਾਰਤ ਕਰਦੀ ਹੈ।