ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਲਾਜ਼ਮੀ ਤੌਰ ‘ਤੇ ਵੈਕਸੀਨ ਲਗਵਾਉਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਰਿਵਾਰ ਸਮੇਤ ਸੁਰੱਖਿਅਤ ਗੁਪਤ ਸਥਾਨ ‘ਤੇ ਲਿਜਾਇਆ ਗਿਆ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ -19 ਮਹਾਂਮਾਰੀ ਨੂੰ ਰੋਕਣ ਲਈ ਚੁੱਕੇ ਗਏ ਉਪਾਵਾਂ ਵਿਰੁੱਧ ਪ੍ਰਦਰਸ਼ਨਾਂ ‘ਤੇ ਫੌਜੀ ਕਾਰਵਾਈ ਕਰਨ ਦਾ “ਫਿਲਹਾਲ ਕੋਈ ਵਿਚਾਰ ਨਹੀਂ” ਹੈ।
ਦਰਅਸਲ, ਓਟਾਵਾ ਦੇ ਪੁਲਿਸ ਮੁਖੀ ਪੀਟਰ ਸਲੋਲੀ ਨੇ ਇਸ ਹਫਤੇ ਕਿਹਾ ਸੀ ਕਿ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਸਾਰੇ ਵਿਕਲਪ ਖੁੱਲੇ ਹਨ, ਜਿਸ ਵਿੱਚ ਫੌਜੀ ਮਦਦ ਵੀ ਸ਼ਾਮਿਲ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਹਫ਼ਤੇ ਐਂਟੀ-ਇਨਫੈਕਸ਼ਨ ਵੈਕਸੀਨ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰਨ ਲਈ ਪਾਰਲੀਮੈਂਟ ਹਿੱਲ ਦੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਧਰਤੀ ‘ਤੇ ਫੌਜਾਂ ਦੀ ਤਾਇਨਾਤੀ ਬਾਰੇ “ਬਹੁਤ ਸਾਵਧਾਨ” ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਕੋਲ ਅਜਿਹੀ ਕੋਈ ਮੰਗ ਨਹੀਂ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਓਟਵਾ ਜਾਂ ਓਨਟਾਰੀਓ ਸ਼ਹਿਰ ਤੋਂ ਸਹਾਇਤਾ ਲਈ ਅਜਿਹੀ ਕਿਸੇ ਵੀ ਬੇਨਤੀ ‘ਤੇ ਵਿਚਾਰ ਕੀਤਾ ਜਾਵੇਗਾ। ਕੁੱਝ ਪ੍ਰਦਰਸ਼ਨਕਾਰੀ ਬੁੱਧਵਾਰ ਨੂੰ ਵੀ ਪ੍ਰਦਰਸ਼ਨ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟੀਕਿਆਂ ਸਬੰਧੀ ਸਾਰੇ ਹੁਕਮ ਅਤੇ ਹੋਰ ਪਾਬੰਦੀਆਂ ਵਾਪਸ ਨਹੀਂ ਲਈਆਂ ਜਾਂਦੀਆਂ, ਉਦੋਂ ਤੱਕ ਉਹ ਨਹੀਂ ਹਟਣਗੇ। ਉਨ੍ਹਾਂ ਨੇ ਟਰੂਡੋ ਸਰਕਾਰ ਨੂੰ ਹਟਾਉਣ ਦੀ ਮੰਗ ਵੀ ਕੀਤੀ, ਜਦੋਂ ਕਿ ਜ਼ਿਆਦਾਤਰ ਪਾਬੰਦੀਆਂ ਉਨ੍ਹਾਂ ਦੀ ਸਰਕਾਰ ਦੀ ਬਜਾਏ ਸੂਬਾਈ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਹਨ। ਪ੍ਰਦਰਸ਼ਨ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਹੋਟਲਾਂ, ਮਾਲਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਵਿੱਚ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ।