ਇਸ ਸਮੇਂ ਨਿਊਜ਼ੀਲੈਂਡ ਦੇ ਕਈ ਹਿੱਸਿਆਂ ਵਿੱਚ ਸਖਤ ਪਬੰਦੀਆਂ ਲਾਗੂ ਹਨ। ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਣ ਕਾਰਨ ਪਬੰਦੀਆਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਸੀ। ਪਰ ਮੰਗਲਵਾਰ ਨੂੰ ਦੇਸ਼ ਭਰ ਵਿੱਚ ਲੌਕਡਾਊਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਤਾਲਾਬੰਦੀ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋ ਲੋਕਾਂ ਨੂੰ ਨੌਰਥਲੈਂਡ ਵਿੱਚ, ਚਾਰ ਨੂੰ ਆਕਲੈਂਡ ਵਿੱਚ, ਤਿੰਨ ਨੂੰ ਵਾਇਕਾਟੋ ਵਿੱਚ, ਛੇ ਨੂੰ ਬੇ ਆਫ ਪਲੈਂਟੀ ਵਿੱਚ, ਦੋ ਲੋਕਾਂ ਨੂੰ ਵੰਗਾਨੁਈ ਵਿੱਚ, ਇੱਕ ਨੂੰ ਕ੍ਰਾਈਸਟਚਰਚ ਵਿੱਚ ਅਤੇ ਇੱਕ ਨੂੰ ਤੌਪੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਸਾਰੇ ਵਿਰੋਧ ਪ੍ਰਦਰਸ਼ਨ ਕਈ ਖੇਤਰਾਂ ਵਿੱਚ ਸਰਕਾਰੀ ਅਤੇ ਸਥਾਨਕ ਕੌਂਸਲ ਇਮਾਰਤਾਂ ਦੇ ਬਾਹਰ ਕੀਤੇ ਗਏ ਸੀ। ਪੁਲਿਸ ਦਾ ਕਹਿਣਾ ਹੈ ਕਿ ਅਲਰਟ ਲੈਵਲ 4 ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਕਾਰਨ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। ਨੈਲਸਨ ਵਿੱਚ, ਕੌਂਸਲ ਇਮਾਰਤ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਹੋਇਆ, ਪਰ ਪੁਲਿਸ ਦਾ ਕਹਿਣਾ ਹੈ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਤਾਲਾਬੰਦੀ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਲੋਕਾਂ ਦੀਆਂ ਕਾਰਵਾਈਆਂ “ਨਿਰਾਸ਼ਾਜਨਕ” ਸਨ।