ਬਾਲੀਵੁੱਡ ਫਿਲਮਾਂ ਤੋਂ ਲੈ ਕੇ ਟੀਵੀ ਦੀ ਦੁਨੀਆ ਤੱਕ ਆਪਣੀ ਪਛਾਣ ਬਣਾਉਣ ਵਾਲੇ ਅਭਿਨੇਤਾ ਅਨੂੰ ਕਪੂਰ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਇਸ ਸਮੇਂ ਲਗਾਤਾਰ ਚਰਚਾ ਵਿੱਚ ਹਨ। ਜਿਸ ਦਾ ਕਾਰਨ ਉਨ੍ਹਾਂ ਲਈ ਕਾਫੀ ਨਿਰਾਸ਼ਾਜਨਕ ਹੈ। ਦਰਅਸਲ ਅੰਨੂ ਕਪੂਰ ਨਾਲ ਆਨਲਾਈਨ ਧੋਖਾਧੜੀ ਹੋਈ ਹੈ। ਅਦਾਕਾਰ ਨਾਲ ਲੱਖਾਂ ਦੀ ਠੱਗੀ ਹੋਈ ਹੈ। ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਾਅਦ ਅਦਾਕਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਅਦਾਕਾਰ ਅੰਨੂ ਕਪੂਰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਅਦਾਕਾਰ ਦੇ ਖਾਤੇ ‘ਚੋਂ ਕਰੀਬ 4 ਲੱਖ 36 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੰਨੂ ਕਪੂਰ ਨੂੰ ਇੱਕ ਨਿੱਜੀ ਪ੍ਰਾਈਵੇਟ ਬੈਂਕ ਦਾ ਅਧਿਕਾਰੀ ਦੱਸ ਕੇ ਧੋਖਾਧੜੀ ਕੀਤੀ ਗਈ ਹੈ। ਜਿਸ ਤੋਂ ਬਾਅਦ ਕੇਵਾਈਸੀ ਦੀ ਡਿਟੇਲ ਭਰਨ ਦੇ ਬਹਾਨੇ ਠੱਗਾਂ ਨੇ ਅਦਾਕਾਰ ਦੇ ਖਾਤੇ ਤੋਂ ਲੱਖਾਂ ਰੁਪਏ ਕਢਵਾ ਲਏ। ਅੰਨੂ ਕਪੂਰ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਨ੍ਹਾਂ ਨੇ ਧੋਖਾਧੜੀ ਨਾਲ ਆਪਣੇ ਖਾਤੇ ਦਾ ਓਟੀਪੀ ਯਾਨੀ ਵਨ ਟਾਈਮ ਪਾਸਵਰਡ ਸਾਂਝਾ ਕਰ ਦਿੱਤਾ। ਜਿਸ ਕਾਰਨ ਉਕਤ ਵਿਅਕਤੀ ਪੈਸੇ ਕਢਵਾਉਣ ‘ਚ ਕਾਮਯਾਬ ਹੋ ਗਿਆ।
ਖਬਰਾਂ ਮੁਤਾਬਿਕ ਜਿਵੇਂ ਹੀ ਬੈਂਕ ਤੋਂ ਪੈਸੇ ਕਢਵਾਉਣ ਦੀ ਖਬਰ ਮਿਲੀ ਤਾਂ ਐਕਟਰ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਬਿਨਾਂ ਸਮਾਂ ਬਰਬਾਦ ਕੀਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਰੀਬ 3 ਲੱਖ 8 ਹਜ਼ਾਰ ਰੁਪਏ ਦੀ ਰਕਮ ਵਾਪਿਸ ਕਰ ਲਈ। ਪੁਲਿਸ ਅਧਿਕਾਰੀ ਮੁਤਾਬਿਕ ਕੁੱਝ ਸਮੇਂ ਬਾਅਦ ਕਾਲਰ ਨੇ ਅਨੂ ਕਪੂਰ ਦੇ ਖਾਤੇ ਤੋਂ 4.36 ਲੱਖ ਰੁਪਏ ਦੋ ਵੱਖ-ਵੱਖ ਖਾਤਿਆਂ ‘ਚ ਟਰਾਂਸਫਰ ਕਰ ਦਿੱਤੇ। ਜਿਸ ਤੋਂ ਬਾਅਦ ਬੈਂਕ ਨੇ ਤੁਰੰਤ ਐਕਟਰ ਨੂੰ ਫੋਨ ਕਰਕੇ ਉਨ੍ਹਾਂ ਦੇ ਬੈਂਕ ਅਕਾਊਂਟ ਨਾਲ ਛੇੜਛਾੜ ਦੀ ਜਾਣਕਾਰੀ ਦਿੱਤੀ।
ਪੁਲਿਸ ਅਧਿਕਾਰੀ ਨੇ ਅੱਗੇ ਕਿਹਾ, ਇਨ੍ਹਾਂ ਬੈਂਕਾਂ ਨੇ ਦੋਵੇਂ ਖਾਤੇ ਫ੍ਰੀਜ਼ ਕਰ ਦਿੱਤੇ ਹਨ ਅਤੇ ਕਪੂਰ ਨੂੰ 3.08 ਲੱਖ ਰੁਪਏ ਵਾਪਿਸ ਮਿਲ ਜਾਣਗੇ। ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਆਨਲਾਈਨ ਧੋਖਾਧੜੀ ਕਰਨ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।