ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਹੁਣ ਵਿਦੇਸ਼ਾਂ ਵਿੱਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਸਚਿਨ ਬਿਸ਼ਨੋਈ ਬਾਹਰੋਂ ਲਾਰੈਂਸ ਦੇ ਗੈਂਗ ਨੂੰ ਚਲਾਉਂਦਾ ਹੈ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਚਿਨ ਦੀ ਵੀ ਭੂਮਿਕਾ ਸੀ। ਸਚਿਨ ਬਿਸ਼ਨੋਈ ਨੂੰ ਬਿਸ਼ਨੋਈ ਗੈਂਗ ਦੇ ਮੂਸੇਵਾਲਾ ਦੀ ਹੱਤਿਆ ਦਾ ਵੀ ਪਤਾ ਸੀ। ਜਾਂਚ ਏਜੰਸੀ ਨੇ ਵੀ ਸਚਿਨ ਦੀ ਕਤਲ ‘ਚ ਅਹਿਮ ਭੂਮਿਕਾ ਦੱਸ ਰਹੀ ਹੈ। ਜਾਣਕਾਰੀ ਮੁਤਾਬਿਕ ਸਚਿਨ ਕੋਲੋਂ ਇੱਕ ਫਰਜ਼ੀ ਪਾਸਪੋਰਟ ਵੀ ਬਰਾਮਦ ਹੋਇਆ ਹੈ। ਸਚਿਨ ਆਪਣਾ ਪੂਰਾ ਨਾਂ ਸਚਿਨ ਥਾਪਨ ਲਿਖਦਾ ਹੈ, ਜਦਕਿ ਉਸ ਕੋਲੋਂ ਤਿਲਕ ਰਾਜ ਤੋਤੇਜਾ ਦੇ ਨਾਂ ਦਾ ਪਾਸਪੋਰਟ ਬਰਾਮਦ ਹੋਇਆ ਹੈ। ਸਚਿਨ ਦੇ ਪਿਤਾ ਦਾ ਅਸਲੀ ਨਾਂ ਸ਼ਿਵ ਦੱਤ ਹੈ, ਜਦਕਿ ਫਰਜ਼ੀ ਪਾਸਪੋਰਟ ‘ਤੇ ਉਨ੍ਹਾਂ ਦੇ ਪਿਤਾ ਦਾ ਨਾਂ ਭੀਮ ਸੇਨ ਲਿਖਿਆ ਹੋਇਆ ਹੈ।
ਇਸ ਦੇ ਨਾਲ ਹੀ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਦੇ ਕੈਨੇਡਾ ਤੋਂ ਕੀਨੀਆ ਪਹੁੰਚਣ ਦੀ ਖ਼ਬਰ ਹੈ। ਇਹ ਦੋਵੇਂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਫਰਜ਼ੀ ਪਾਸਪੋਰਟ ‘ਬਣਾ ਕੇ ਭਾਰਤ ਤੋਂ ਭੱਜ ਗਏ ਸਨ। ਇਸ ਦਾ ਪਤਾ ਲੱਗਦਿਆਂ ਹੀ ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਸਚਿਨ ਨੂੰ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਤੋਂ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਮੰਗਿਆ ਹੈ। ਸੂਤਰਾਂ ਮੁਤਾਬਿਕ ਸਚਿਨ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਫਰਜ਼ੀ ਪਾਸਪੋਰਟ ਮਾਮਲੇ ‘ਚ ਫੜਿਆ ਗਿਆ ਸੀ। ਇਹ ਜਾਣਕਾਰੀ ਕੁੱਝ ਦਿਨ ਪਹਿਲਾਂ ਵਿਦੇਸ਼ ਮੰਤਰਾਲੇ ਨੂੰ ਦਿੱਤੀ ਗਈ ਸੀ। ਹੁਣ ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਸਚਿਨ ਦਾ ਪੂਰਾ ਅਪਰਾਧਿਕ ਰਿਕਾਰਡ ਮੰਗਿਆ ਹੈ। ਮੂਸੇਵਾਲਾ ਮਾਮਲੇ ‘ਚ ਸਚਿਨ ਦੀ ਭੂਮਿਕਾ ਬਾਰੇ ਵੀ ਰਿਪੋਰਟ ਮੰਗੀ ਗਈ ਹੈ।
ਸੂਤਰਾਂ ਮੁਤਾਬਿਕ ਅਨਮੋਲ ਅਤੇ ਸਚਿਨ ਨੇਪਾਲ ਦੇ ਰਸਤੇ ਅਜ਼ਰਬਾਈਜਾਨ ਗਏ ਸਨ। ਇਸ ਤੋਂ ਬਾਅਦ ਅਨਮੋਲ ਕੈਨੇਡਾ ਚਲਾ ਗਿਆ ਸੀ। ਪਰ ਸਚਿਨ ਨੂੰ ਫਰਜ਼ੀ ਪਾਸਪੋਰਟ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਅਨਮੋਲ ਕੈਨੇਡਾ ਤੋਂ ਕੀਨੀਆ ਭੱਜ ਗਿਆ। ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਚਿਨ ਥਾਪਨ ਅਤੇ ਅਨਮੋਲ, ਲਾਰੈਂਸ ਅਤੇ ਗੋਲਡੀ ਬਰਾੜ ਦੇ ਨਾਲ-ਨਾਲ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਵੀ ਹਨ। ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਲਾਰੈਂਸ ਨੇ ਉਨ੍ਹਾਂ ਨੂੰ ਜਾਅਲੀ ਪਾਸਪੋਰਟ ਬਣਵਾ ਕੇ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਸਚਿਨ ਥਾਪਨ ਨੇ ਬਾਅਦ ਵਿੱਚ ਇੱਕ ਟੀਵੀ ਚੈਨਲ ਨੂੰ ਫੋਨ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਲਾਰੈਂਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਅਨਮੋਲ ਅਤੇ ਸਚਿਨ ਨੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕੀਤੀ। ਫਿਰ ਸ਼ੂਟਰਾਂ ਅਤੇ ਉਨ੍ਹਾਂ ਲਈ ਹਥਿਆਰਾਂ ਦਾ ਇੰਤਜ਼ਾਮ ਕੀਤਾ ਗਿਆ। ਲਾਰੈਂਸ ਦੀ ਕੋਸ਼ਿਸ਼ ਸੀ ਕਿ ਸਚਿਨ ਅਤੇ ਅਨਮੋਲ ਮੂਸੇਵਾਲਾ ਦਾ ਕਤਲ ਕਰਵਾਉਣ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਨਾਂ ਇਸ ਮਾਮਲੇ ਵਿਚ ਸਾਹਮਣੇ ਨਾ ਆਵੇ ਅਤੇ ਨਾ ਹੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰੇ।