ਰਣਬੀਰ ਕਪੂਰ ਦੀ ਫਿਲਮ ਐਨੀਮਲ ਦੀਆਂ ਚਰਚਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਫਿਲਮ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਫਿਲਮ ‘ਚ ਰਣਬੀਰ ਦੇ ਭਰਾਵਾਂ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੰਦੀਪ ਰੈਡੀ ਵਾਂਗਾ ਦੀ ਫਿਲਮ ‘ਐਨੀਮਲ’ ‘ਚ ਨਜ਼ਰ ਆਏ ਅਦਾਕਾਰ ਮਨਜੋਤ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਉਨ੍ਹਾਂ ਨੂੰ ਐਨੀਮਲ ਤੋਂ ਕਾਫੀ ਪ੍ਰਸਿੱਧੀ ਮਿਲੀ ਹੈ। ਪਰ ਉਹ ਰੀਅਲ ਲਾਈਫ ‘ਚ ਹੀਰੋ ਬਣ ਕੇ ਸਭ ਦੇ ਸਾਹਮਣੇ ਆਏ ਹਨ। ਦਰਅਸਲ ਅਦਾਕਾਰ ਨੇ ਇੱਕ ਕੁੜੀ ਦੀ ਜਾਨ ਬਚਾਈ ਹੈ।
ਮਨਜੋਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਅਦਾਕਾਰ ਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ ਹੈ। ਦਰਅਸਲ, ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕੀ ਖੁਦਕੁਸ਼ੀ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਮੌਜੂਦ ਹਨ। ਪਰ ਮਨਜੋਤ ਹਿੰਮਤ ਕਰਦਾ ਹੈ ਅਤੇ ਸਾਵਧਾਨੀ ਨਾਲ ਲੜਕੀ ਵੱਲ ਵਧਦਾ ਹੈ ਅਤੇ ਛਾਲ ਮਾਰਨ ਤੋਂ ਪਹਿਲਾਂ ਉਸ ਨੂੰ ਬਚਾ ਲੈਂਦਾ ਹੈ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਉਸ ਨੂੰ ਫਿਲਮੀ ਹੀਰੋ ਹੀ ਨਹੀਂ ਬਲਕਿ ਅਸਲ ਜ਼ਿੰਦਗੀ ਦਾ ਹੀਰੋ ਵੀ ਕਹਿ ਰਹੇ ਹਨ। ਹਾਲਾਂਕਿ ਇਹ ਵੀਡੀਓ ਸਾਲ 2019 ਦਾ ਹੈ ਅਤੇ ਇਸ ਦਾ ਖੁਲਾਸਾ ਵੀ ਖੁਦ ਅਦਾਕਾਰ ਨੇ ਕੀਤਾ ਹੈ। ਮਨਜੋਤ ਨੇ ਇਹ ਵੀਡੀਓ ਆਪਣੇ ਇੰਸਟਾ ਅਕਾਊਂਟ ‘ਤੇ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਉਸ ਸਮੇਂ ਦੀ ਸਥਿਤੀ ਨੂੰ ਵੀ ਕੈਪਸ਼ਨ ਰਾਹੀਂ ਲਿਖਿਆ ਗਿਆ ਹੈ। ਅਭਿਨੇਤਾ ਨੇ ਲਿਖਿਆ ਕਿ, 2019 ਵਿੱਚ ਅਜਿਹਾ ਹੋਇਆ ਕਿ ਇੱਕ ਲੜਕੀ ਖੁਦਕੁਸ਼ੀ ਕਰ ਰਹੀ ਸੀ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਉਸਨੂੰ ਬਚਾਉਣ ਵਿੱਚ ਕਾਮਯਾਬ ਰਿਹਾ, ਮੈਂ ਸਹੀ ਸਮੇਂ ‘ਤੇ ਸਹੀ ਜਗ੍ਹਾ ‘ਤੇ ਸੀ। ਅਸੀਂ ਸਾਰੇ ਮੁਸ਼ਕਿਲਾਂ ਦਾ ਸਾਮ੍ਹਣਾ ਕਰਦੇ ਹਾਂ “ਕਈ ਵਾਰ ਜੀਣਾ ਇੱਕ ਹਿੰਮਤ ਦਾ ਕੰਮ ਹੈ।”
ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਦੀ ਐਨੀਮਲ ਵਿੱਚ ਮਨਜੋਤ ਸਿੰਘ ਨੂੰ ਉਨ੍ਹਾਂ ਦੇ ਭਰਾ ਦਾ ਕਿਰਦਾਰ ਮਿਲਿਆ ਸੀ। ਅਦਾਕਾਰ ਨੇ ਆਪਣੇ ਸਾਈਡ ਰੋਲ ਵਿੱਚ ਵੀ ਆਪਣੇ ਕੰਮ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਫਿਲਹਾਲ ਮਨਜੋਤ ਸਿੰਘ ਦੀ ਕਾਫੀ ਤਾਰੀਫ ਹੋ ਰਹੀ ਹੈ। ਉਨ੍ਹਾਂ ਦੀ ਵਾਇਰਲ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।