[gtranslate]

ਕਿਸਾਨਾਂ ਦੇ ਹੱਕ ‘ਚ ਖੜ੍ਹਨ ਕਾਰਨ BJP ‘ਚੋਂ ਕੱਢੇ ਗਏ ਅਨਿਲ ਜੋਸ਼ੀ ਸਣੇ ਭਾਜਪਾ ਦੇ ਇਹ ਵੱਡੇ ਆਗੂ ਹੋਏ ਅਕਾਲੀ ਦਲ ‘ਚ ਸ਼ਾਮਿਲ

anil joshi joins sad

ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ। ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਕਰਕੇ ਪਿਛਲੇ ਮਹੀਨੇ ਭਾਜਪਾ ‘ਚੋਂ ਕੱਢ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਜੋਸ਼ੀ ਤੇ ਉਨ੍ਹਾਂ ਦੇ ਸਾਥੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਇਸ ਨੂੰ ਭਾਈਚਾਰਕ ਸਾਂਝ ਦਾ ਪ੍ਰਤੀਕ ਦੱਸਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਸਾਬਕਾ ਭਾਜਪਾ ਆਗੂ ਅਮਰਜੀਤ ਸ਼ਾਹੀ ਦੀ ਪਤਨੀ ਸੁਖਜੀਤ ਕੌਰ, ਬਠਿੰਡਾ ਤੋਂ ਮੋਹਿਤ ਗੁਪਤਾ, ਕਮਲ ਚੇਤਲੀ, ਲੁਧਿਆਣਾ ਦੇ ਸਾਬਕਾ ਡਿਪਟੀ ਮੇਅਰ ਆਰਪੀ ਸ਼ਰਮਾ, ਸਜਾਨਪੁਰ ਤੋਂ ਰਾਜ ਕੁਮਾਰ ਗੁਪਤਾ, ਫਤਿਹਗੜ੍ਹ ਚੂੜੀਆਂ ਤੋਂ ਸੁਰਿੰਦਰ ਛੀਨੀ, ਹਰਜੀਤ ਸਿੰਘ ਭੁੱਲਰ, ਮਿੰਟੂ ਸ਼ਰਮਾ, ਸੁਮਿਤ ਸ਼ਾਸਤਰੀ, ਵਿਕਰਮ ਲੱਕੀ ਅਤੇ ਜਗਰਾਉਂ ਦੇ ਕਈ ਹੋਰ ਆਗੂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।

ਦੱਸਣਯੋਗ ਹੈ ਕਿ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ‘ਤੇ ਭਾਜਪਾ ਵੱਲੋਂ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਅਨਿਲ ਜੋਸ਼ੀ ਨੇ ਕਿਹਾ ਸੀ ਕਿ ਜੇਕਰ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਚੱਲ ਰਹੇ ਮੁੱਦੇ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਭਾਜਪਾ ਨੇਤਾਵਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਭਾਜਪਾ ਨੇ ਉਨ੍ਹਾਂ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਅਨੁਸਾਰ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਨੀਤੀਆਂ ਦੇ ਵਿਰੁੱਧ ਬਿਆਨ ਦੇ ਰਹੇ ਹਨ। ਜੋਸ਼ੀ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ “ਮੈਂ ਹਮੇਸ਼ਾਂ ਲੋਕਾਂ ਦੀ ਸੇਵਾ ਕੀਤੀ ਹੈ, ਇਸ ਲਈ ਮੈਂ ਬਿਨਾਂ ਕਿਸੇ ਅਹੁਦੇ ਜਾਂ ਭਰੋਸੇ ਦੀ ਮੰਗ ਕੀਤੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹਾਂ।” ਸੂਤਰਾਂ ਮੁਤਾਬਕ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਜੋਸ਼ੀ ਦੋ ਵਾਰ ਇਸ ਸੀਟ ਤੋਂ ਜਿੱਤੇ ਸਨ।

Leave a Reply

Your email address will not be published. Required fields are marked *