ਅੰਮ੍ਰਿਤਸਰ ਦੇ ਪਿੰਡ ਸਠਿਆਲਾ ਤੋਂ ਅੱਜ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਨੌਜਵਾਨ ਨੇ ਘਰ ‘ਚ ਦਾਖਲ ਹੋ ਕੇ 55 ਸਾਲਾ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਔਰਤ ਦੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਔਰਤ ਆਪਣੀ ਲੜਕੀ ਨਾਲ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਪਿੰਡ ਦਾ ਹੀ ਇਕ ਨੌਜਵਾਨ ਔਰਤ ਦੇ ਘਰ ਆਇਆ ਅਤੇ ਉਨ੍ਹਾਂ ਤੋਂ ਉਨ੍ਹਾਂ ਦੀ ਹੀ ਧੀ ਦਾ ਰਿਸ਼ਤਾ ਮੰਗਣ ਲੱਗਿਆ। ਪਰਮਜੀਤ ਕੌਰ ਇਸ ਰਿਸ਼ਤੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਜਦੋਂ ਉਨ੍ਹਾਂ ਨੇ ਮਨ੍ਹਾ ਕੀਤਾ ਤਾਂ ਨੌਜਵਾਨ ਨੇ ਗੁੱਸੇ ‘ਚ ਆ ਕੇ ਔਰਤ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਡੀਐਸਪੀ ਬਾਬਾ ਬਕਾਲਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।