ਪੰਜਾਬ ਪੰਚਾਇਤੀ ਚੋਣਾਂ ਕਾਰਨ ਸੂਬੇ ਦੇ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋ ਰਹੀ ਹੈ। ਪਿੰਡ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਤੇ ਪੰਚਾਂ ਦੀ ਚੋਣ ਕਰਕੇ ਏਕਤਾ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇ ਰਹੇ ਹਨ। ਪੰਚਾਇਤੀ ਚੋਣਾਂ ਕਾਰਨ ਪਟਿਆਲਾ ਦੇ ਨਾਭਾ ‘ਚ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਪਿੰਡ ਵਿੱਚ ਤਿਉਹਾਰ ਦਾ ਮਾਹੌਲ ਹੈ। ਨਾਭਾ ਦੇ ਪਿੰਡ ਲੋਹਾਰ ਮਾਜਰਾ ‘ਚ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ।
ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਆ ਰਹੇ ਹਨ। ਹੁਣ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਇਸ ਲਈ ਪਿੰਡ ਦੇ ਲੋਕ ਐਮੀ ਵਿਰਕ ਦੇ ਪਰਿਵਾਰਕ ਮੈਂਬਰਾਂ ਤੋਂ ਵੱਧ ਖੁਸ਼ ਹਨ ਕਿਉਂਕਿ ਪਿੰਡ ਲੁਹਾਰ ਮਾਜਰਾ ਐਮੀ ਵਿਰਕ ਦੇ ਨਾਂ ਨਾਲ ਮਸ਼ਹੂਰ ਹੈ। ਐਮੀ ਵਿਰਕ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ। ਇਸ ਮੌਕੇ ਕੁਲਜੀਤ ਸਿੰਘ ਨੇ ਕਿਹਾ ਕਿ ਉਹ ਇਸ ਫੈਸਲੇ ਲਈ ਪਿੰਡ ਦੇ ਲੋਕਾਂ ਦੇ ਧੰਨਵਾਦੀ ਹਨ।