ਸੋਮਵਾਰ (7 ਅਗਸਤ) ਨੂੰ ਰਾਜ ਸਭਾ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਵਿਚਾਲੇ ਤਿੱਖੀ ਬਹਿਸ ਹੋਈ ਹੈ। ਅਮਿਤ ਸ਼ਾਹ ਨੇ ਰਾਜ ਸਭਾ ‘ਚ ਦਿੱਲੀ ‘ਚ ਅਧਿਕਾਰੀਆਂ ਦੀ ਤਾਇਨਾਤੀ-ਤਬਾਦਲੇ ਨਾਲ ਸਬੰਧਿਤ ਆਰਡੀਨੈਂਸ ਵਾਲਾ ਬਿੱਲ ਪੇਸ਼ ਕੀਤਾ ਸੀ। ਇਹ ਬਿੱਲ ਵੀਰਵਾਰ ਨੂੰ ਹੀ ਲੋਕ ਸਭਾ ‘ਚ ਪਾਸ ਹੋ ਗਿਆ ਸੀ। ਬਿੱਲ ‘ਤੇ ਚਰਚਾ ਦੌਰਾਨ ਰਾਜ ਸਭਾ ‘ਚ ਕਾਫੀ ਹੰਗਾਮਾ ਹੋਇਆ।
ਜਦੋਂ ਅਮਿਤ ਸ਼ਾਹ ਬਿੱਲ ‘ਤੇ ਭਾਸ਼ਣ ਦੇ ਰਹੇ ਸਨ ਤਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਨ੍ਹਾਂ ਨੂੰ ਟੋਕਿਆ ਸੀ, ਜਿਸ ‘ਤੇ ਸ਼ਾਹ ਨੇ ਕਿਹਾ, ”ਸੁਣੋ ਖੜਗੇ ਜੀ, ਉਹ ਪ੍ਰਧਾਨ ਮੰਤਰੀ ਦੀ ਮੈਂਬਰਸ਼ਿਪ ਬਚਾਉਣ ਲਈ ਬਿੱਲ ਨਹੀਂ ਲਿਆਏ ਹਨ ਅਤੇ ਕਾਂਗਰਸ ਨੂੰ ਲੋਕਤੰਤਰ ‘ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਦਰਅਸਲ, ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਐਮਰਜੈਂਸੀ ਲਿਆਉਣ ਲਈ ਸੰਵਿਧਾਨ ਨਹੀਂ ਬਦਲ ਰਹੇ। ਅਸੀਂ ਇਸ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਮੈਂਬਰਸ਼ਿਪ ਬਚਾਉਣ ਲਈ ਇਹ ਬਿੱਲ ਨਹੀਂ ਲਿਆਏ ਹਨ। ਐਮਰਜੈਂਸੀ ਦੌਰਾਨ ਤਿੰਨ ਹਜ਼ਾਰ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਅਤੇ ਅਖ਼ਬਾਰਾਂ ਨੂੰ ਆਪਣੇ ਪੰਨੇ ਖਾਲੀ ਰੱਖਣੇ ਪਏ।
ਅਮਿਤ ਸ਼ਾਹ ਨੇ ਕਿਹਾ ਕਿ ਇਹ ਲੋਕ ਲੋਕਤੰਤਰ ਦੀ ਗੱਲ ਕਰ ਰਹੇ ਹਨ। ਕਾਂਗਰਸ ਨੂੰ ਲੋਕਤੰਤਰ ‘ਤੇ ਕੁਝ ਵੀ ਬੋਲਣ ਦਾ ਅਧਿਕਾਰ ਨਹੀਂ ਹੈ। ਅਮਿਤ ਸ਼ਾਹ ਦੇ ਇਹ ਕਹਿਣ ਤੋਂ ਬਾਅਦ ਰਾਜ ਸਭਾ ‘ਚ ਕਾਫੀ ਹੰਗਾਮਾ ਹੋਇਆ।