ਅਮਰੀਕਾ ਵਿੱਚ ਇੱਕ ਵਾਰ ਫਿਰ ਸ਼ਰੇਆਮ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਅਮਰੀਕਾ ਦੇ ਵਿਸਕਾਨਸਿਨ ਸੂਬੇ ‘ਚ ਅੰਤਿਮ ਸੰਸਕਾਰ ਦੌਰਾਨ ਇੱਕ ਸ਼ੂਟਰ ਨੇ ਕਈ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ। ਰਿਪੋਰਟਾਂ ਮੁਤਾਬਿਕ ਰੇਸੀਨ ਪੁਲਿਸ ਵਿਭਾਗ ਨੇ ਟਵਿੱਟਰ ‘ਤੇ ਦੱਸਿਆ ਕਿ ਦੁਪਹਿਰ 2:26 ਵਜੇ ਗ੍ਰੇਸਲੈਂਡ ਕਬਰਸਤਾਨ ‘ਤੇ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਵਿਚ ਕਈ ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਜ਼ਖਮੀਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਇਸ ਦੇ ਨਾਲ ਹੀ ਟਵੀਟ ਕਰਕੇ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਟਵੀਟ ਕਰਕੇ ਲੋਕਾਂ ਨੂੰ ਘਟਨਾ ਸਥਾਨ ਦੇ ਨੇੜੇ ਨਾ ਜਾਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਸਥਾਨਕ ਮੀਡੀਆ ਨੇ ਦੱਸਿਆ ਕਿ ਅੰਤਿਮ ਸੰਸਕਾਰ ‘ਚ ਪੰਜ ਲੋਕ ਜ਼ਖਮੀ ਹੋਏ ਹਨ।
ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਵਿੱਚ ਸ਼ਰੇਆਮ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤੁਲਸਾ, ਓਕਲਾਹੋਮਾ ਵਿੱਚ ਇੱਕ ਨੌਜਵਾਨ ਨੇ ਇੱਕ ਹਸਪਤਾਲ ਕੰਪਲੈਕਸ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਮਲਾਵਰ ਵੀ ਮਾਰਿਆ ਗਿਆ। ਇਸ ਤੋਂ ਪਹਿਲਾਂ ਇਕ ਸਕੂਲ ਦੇ ਬਾਹਰ ਕਨਵੋਕੇਸ਼ਨ ਸਮਾਰੋਹ ਦੌਰਾਨ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਸੀ, ਜਦਕਿ ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਟੈਕਸਾਸ ‘ਚ ਇਕ ਵਿਦਿਆਰਥੀ ਨੇ ਸਕੂਲ ‘ਚ ਦਾਖਲ ਹੋ ਕੇ ਆਪਣੇ ਹੀ ਸਕੂਲ ਦੇ ਵਿਦਿਆਰਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ‘ਚ 21 ਮਾਸੂਮ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ।