ਅਮਰੀਕਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਭਾਰਤੀ ਔਰਤਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਤਿੰਨੋਂ ਔਰਤਾਂ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ। ਜਿਨ੍ਹਾਂ ਦੇ ਨਾਮ ਰੇਖਾ ਬੇਨ ਪਟੇਲ, ਸੰਗੀਤਾ ਬੇਨ ਪਟੇਲ ਅਤੇ ਮਨੀਸ਼ਾ ਬੇਨ ਪਟੇਲ ਸਨ। ਕਾਰ ਹਾਦਸੇ ਵਿੱਚ ਤਿੰਨੋਂ ਔਰਤਾਂ ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦਸੇ ‘ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਘਟਨਾ ਨੇ ਚਾਰੇ ਪਾਸੇ ਹਲਚਲ ਮਚਾ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਤਿੰਨੋਂ ਔਰਤਾਂ ਇੱਕ SUV ਕਾਰ ਵਿੱਚ ਸਫ਼ਰ ਕਰ ਰਹੀਆਂ ਸਨ। ਉਨ੍ਹਾਂ ਦੀ ਕਾਰ ਗ੍ਰੀਨਵਿਲੇ ਕਾਉਂਟੀ, ਸਾਊਥ ਕੈਰੋਲੀਨਾ ਵਿੱਚ ਇੱਕ ਪੁਲ ਤੋਂ ਹੇਠਾਂ ਸੜਕ ਉੱਤੇ ਡਿੱਗ ਗਈ। I-85 ‘ਤੇ ਉੱਤਰ ਵੱਲ ਯਾਤਰਾ ਕਰਦੇ ਸਮੇਂ ਕਥਿਤ ਤੌਰ ‘ਤੇ ਕਾਰ ਪਲਟ ਗਈ। ਇਸ ਤੋਂ ਬਾਅਦ ਇਹ ਰੇਲਿੰਗ ਦੇ ਉੱਪਰੋਂ ਪੁਲ ਦੇ ਉਲਟ ਪਾਸੇ ਵਾਲੇ ਦਰੱਖਤਾਂ ਨਾਲ ਟਕਰਾ ਗਈ। ਇਹ ਟੱਕਰ ਕਿੰਨੀ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰ ਕਰੀਬ 20 ਫੁੱਟ ਹਵਾ ‘ਚ ਉੱਛਲੀ ਸੀ।
ਜ਼ਮੀਨ ‘ਤੇ ਪਹੁੰਚਦੇ ਹੀ ਕਾਰ ਦੇ ਪਰਖੱਚੇ ਉੱਡ ਗਏ। ਉਹ ਪੂਰੀ ਤਰ੍ਹਾਂ ਖਸਤਾ ਹੋ ਗਈ ਸੀ। ਇਸ ਹਾਦਸੇ ‘ਚ ਕਾਰ ‘ਚ ਬੈਠੀਆਂ ਤਿੰਨੋਂ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੀਫ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਸੀ। ਕਾਰ ਨਿਰਧਾਰਿਤ ਰਫਤਾਰ ਤੋਂ ਕਾਫੀ ਤੇਜ਼ ਚਲਾਈ ਜਾ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਵਿੱਚ ਕੋਈ ਹੋਰ ਕਾਰ ਸ਼ਾਮਿਲ ਨਹੀਂ ਹੈ। ਮਾਈਕ ਐਲਿਸ ਨੇ ਇਹ ਵੀ ਦੱਸਿਆ ਕਿ ਕਾਰ ਇੱਕ ਦਰੱਖਤ ਨਾਲ ਲਟਕਦੀ ਮਿਲੀ ਸੀ ਜੋ ਕਿ ਕਈ ਟੁਕੜਿਆਂ ਵਿੱਚ ਟੁੱਟੀ ਹੋਈ ਸੀ। ਜੋ ਇਸ ਗੱਲ ਦਾ ਸਬੂਤ ਹੈ ਕਿ ਕਾਰ ਬਹੁਤ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਸੀ।