ਕਈ ਸਾਲਾਂ ਤੱਕ ਚੇਨਈ ਸੁਪਰ ਕਿੰਗਜ਼ ਲਈ ਕ੍ਰਿਕਟ ਖੇਡਣ ਵਾਲੇ ਅੰਬਾਤੀ ਰਾਇਡੂ ਨੇ ਰਾਜਨੀਤੀ ਵਿੱਚ ਸ਼ਾਮਿਲ ਹੋ ਗਏ ਹਨ। ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਪਾਰਟੀ ਵਾਈਐਸਆਰ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। 37 ਸਾਲਾ ਅੰਬਾਤੀ ਰਾਇਡੂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਤੋਂ ਬਾਅਦ 28 ਦਸੰਬਰ ਨੂੰ ਅਧਿਕਾਰਤ ਤੌਰ ‘ਤੇ ਜਗਨ ਮੋਹਨ ਰੈੱਡੀ ਦੀ ਪਾਰਟੀ ‘ਚ ਸ਼ਾਮਿਲ ਹੋਏ ਹਨ। ਰਾਇਡੂ ਜਿਸ ਪਾਰਟੀ ‘ਚ ਸ਼ਾਮਲ ਹੋਏ ਹਨ, ਉਸ ਦਾ ਪੂਰਾ ਨਾਂ ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (YSRCP) ਹੈ।
ਕ੍ਰਿਕਟ ‘ਚ ਬੱਲੇਬਾਜ਼ੀ ਦੀ ਤਰ੍ਹਾਂ ਅੰਬਾਤੀ ਰਾਇਡੂ ਦੀ ਰਾਜਨੀਤੀ ‘ਚ ਐਂਟਰੀ ਦਾ ਸਮਾਂ ਸ਼ਾਨਦਾਰ ਹੈ, ਕਿਉਂਕਿ ਕੁਝ ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਹੁਣ ਸਵਾਲ ਉੱਠ ਰਹੇ ਹਨ ਕਿ ਕੀ ਪਾਰਟੀ ਰਾਇਡੂ ਨੂੰ ਲੋਕ ਸਭਾ ਟਿਕਟ ਦੇਣ ਜਾ ਰਹੀ ਹੈ? ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਰਾਇਡੂ ਰਾਜਨੀਤੀ ਵਿੱਚ ਆਉਣ ਵਾਲੇ ਪਹਿਲੇ ਕ੍ਰਿਕਟਰ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਵੀ ਕਈ ਕ੍ਰਿਕਟਰ ਰਾਜਨੀਤੀ ਵਿਚ ਆਏ, ਚੋਣ ਲੜੇ, ਜਿੱਤੇ ਅਤੇ ਦੇਸ਼ ਦੀ ਸੰਸਦ ਵਿਚ ਵੀ ਬੈਠੇ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਹੀ ਭਾਰਤੀ ਕ੍ਰਿਕਟਰਾਂ ਬਾਰੇ।
ਮੁਹੰਮਦ ਅਜ਼ਹਰੂਦੀਨ
ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਕਾਂਗਰਸ ਪਾਰਟੀ ਨੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਸੀਟ ਤੋਂ ਟਿਕਟ ਦਿੱਤੀ ਸੀ ਅਤੇ ਉਹ ਜਿੱਤ ਵੀ ਗਏ ਸਨ। 2018 ਵਿੱਚ, ਅਜ਼ਹਰੂਦੀਨ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਬਣੇ ਸਨ।
ਸਚਿਨ ਤੇਂਦੁਲਕਰ
ਭਾਰਤ ਰਤਨ ਨਾਲ ਸਨਮਾਨਿਤ ਤੇ ਕ੍ਰਿਕੇਟ ਦੇ ਭਗਵਾਨ ਮੰਨੇ ਜਾਣ ਵਾਲੇ ਕ੍ਰਿਕਟਰ ਸਚਿਨ ਤੇਂਦੁਲਕਰ ਰਾਜ ਸਭਾ ਮੈਂਬਰ ਵੀ ਰਹੇ। ਹਾਲਾਂਕਿ, ਉਹ ਕਦੇ ਵੀ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਨਹੀਂ ਹੋਏ। ਸੰਸਦ ਵਿੱਚ ਉਨ੍ਹਾਂ ਦੀ ਹਾਜ਼ਰੀ ਦਾ ਰਿਕਾਰਡ ਵੀ ਘੱਟ ਰਿਹਾ ਹੈ।
ਹਰਭਜਨ ਸਿੰਘ
ਇਸ ਸੂਚੀ ‘ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਆਫ ਸਪਿਨ ਗੇਂਦਬਾਜ਼ ਹਰਭਜਨ ਸਿੰਘ ਦਾ ਨਾਂ ਵੀ ਸ਼ਾਮਿਲ ਹੈ। ਕ੍ਰਿਕਟ ਨੂੰ ਛੱਡਣ ਤੋਂ ਬਾਅਦ, ਉਹ ਪੰਜਾਬ ਦੀ ਮੌਜੂਦਾ ਸਰਕਾਰ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਹੁਣ ਰਾਜ ਸਭਾ ਮੈਂਬਰ ਵੀ ਹਨ।
ਗੌਤਮ ਗੰਭੀਰ
ਟੀਮ ਇੰਡੀਆ ਨੂੰ ਦੋ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਨਾਂ ਵੀ ਇਸ ਸੂਚੀ ‘ਚ ਸ਼ਾਮਿਲ ਹੈ। ਉਹ ਪੂਰਬੀ ਦਿੱਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ।
ਨਵਜੋਤ ਸਿੰਘ ਸਿੱਧੂ
ਇਸ ਸੂਚੀ ‘ਚ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਿਲ ਹੈ। ਨਵਜੋਤ ਪਿਛਲੇ ਕਈ ਸਾਲਾਂ ਤੋਂ ਰਾਜਨੀਤੀ ਵਿੱਚ ਹਨ। ਉਹ 2004 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸੀ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਵੀ ਲੜੀ ਸੀ। ਉਹ ਚੋਣ ਜਿੱਤ ਗਏ ਅਤੇ 2014 ਤੱਕ ਅੰਮ੍ਰਿਤਸਰ ਦੇ ਸੰਸਦ ਮੈਂਬਰ ਰਹੇ। ਇਸ ਤੋਂ ਬਾਅਦ ਉਹ ਰਾਜ ਸਭਾ ਮੈਂਬਰ ਵੀ ਬਣੇ ਪਰ ਉਥੋਂ ਅਸਤੀਫਾ ਦੇ ਕੇ 2017 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।