ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਇਸ ਦੌਰਾਨ ਮੰਗਲਵਾਰ ਨੂੰ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਹਕੋਟ ਸੀਟ ਤੋਂ ਚੋਣ ਲੜਨ ਵਾਲੇ ਸਾਬਕਾ ਹਾਕੀ ਖਿਡਾਰੀ ਅਮਰਜੀਤ ਸਿੰਘ ਥਿੰਦ ਨੇ ਜਲੰਧਰ ਵਿੱਚ ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵੱਲੋਂ ਨਾਮਜ਼ਦਗੀ ਭਰਦੇ ਹੀ ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਕਹਿ ਦਿੱਤਾ।
ਹੁਣ ਦੋਵਾਂ ਪਾਰਟੀਆਂ ਵਿੱਚ ਅਦਲਾ ਬਦਲੀ ਦੀ ਸਿਆਸਤ ਤੇਜ਼ ਹੋ ਗਈ ਹੈ। ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਹਾਲ ਹੀ ‘ਚ ‘ਆਪ’ ਨੇ ਪਾਰਟੀ ‘ਚ ਸ਼ਾਮਿਲ ਕੀਤਾ ਹੈ। ਹੁਣ ਭਾਜਪਾ ਨੇ ‘ਆਪ’ ਦੇ ਉਮੀਦਵਾਰ ਅਮਰਜੀਤ ਸਿੰਘ ਥਿੰਦ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ‘ਆਪ’ ‘ਤੇ ਪਲਟਵਾਰ ਕੀਤਾ ਹੈ। ਜਦਕਿ ਬੀਤੇ ਦਿਨ ਨਾਮਜ਼ਦਗੀ ਭਰਨ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਸ਼ਾਹਕੋਟ ਸਮੇਤ ਕਈ ਥਾਵਾਂ ਤੋਂ ਸੀਐਮ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਕੌਂਸਲਰ ਅਤੇ ਸਰਪੰਚ ਸਮੇਤ ਕਈ ਵਰਕਰਾਂ ਨੂੰ ‘ਆਪ’ ਵਿੱਚ ਸ਼ਾਮਿਲ ਕਰਵਾਇਆ ਸੀ। ਵੋਟਾਂ ਪੈਣ ਵਿੱਚ ਕੁਝ ਹੀ ਦਿਨ ਬਾਕੀ ਹਨ ਅਤੇ ਅਦਲਾ ਬਦਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੋਈ ਨਹੀਂ ਜਾਣਦਾ ਕਿ ਕਿਹੜਾ ਨੇਤਾ ਕਦੋਂ ਕਿਸ ਦਿਸ਼ਾ ਵੱਲ ਜਾਵੇਗਾ। ਇਸ ਸਿਆਸੀ ਉਥਲ-ਪੁਥਲ ਦਰਮਿਆਨ ਇਸ ਵਾਰ ਮੁਕਾਬਲਾ ਸਖ਼ਤ ਹੋਣ ਵਾਲਾ ਹੈ।