ਪੰਜਾਬੀ ਇੰਡਸਟਰੀ ਦੇ ਸੁਰੀਲੇ ਕਲਾਕਾਰ ਅਮਰਿੰਦਰ ਗਿੱਲ ਨੇ ਹਰ ਵਾਰ ਦੀ ਤਰਾਂ ਇੱਕ ਵਾਰ ਫਿਰ ਸਰੋਤਿਆਂ ਦਾ ਦਿਲ ਜਿੱਤਿਆ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਅਮਰਿੰਦਰ ਗਿੱਲ ਦੀ ਨਵੀ ਫਿਲਮ ‘ਦਾਰੂ ਨਾ ਪੀਂਦਾ ਹੋਵੇ’ ਦੀ। ਹਾਲ ਹੀ ‘ਚ ਫਿਲਮ ਦਾ ਭਾਵੁਕ ਅਤੇ ਹਾਸੇ-ਮਜ਼ਾਕ ਵਾਲਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ। ਪਰ ਹੁਣ ਪੂਰੀ ਫਿਲਮ ਵੀ ਸਿਨਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਅਤੇ ਹਰ ਵਾਰ ਦੀ ਤਰਾਂ ਸਟਾਰ ਕਲਾਕਾਰ ਅਮਰਿੰਦਰ ਗਿੱਲ ਦੀ ਨਵੀ ਫਿਲਮ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰੀ ਹੈ।
ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਸ਼ਰਾਬ ਨਾਲ ਬਰਬਾਦ ਹੁੰਦੇ ਰਿਸ਼ਤਿਆਂ ਉਤੇ ਚਾਨਣਾ ਪਾਉਂਦੀ ਹੈ, ਜਿੱਦਾਂ ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ ‘ਚ ਦਿਖਾਇਆ ਗਿਆ ਸੀ ਕਿ ਫਿਲਮ ਦੀ ਸ਼ੁਰੂਆਤ ਅਮਰਿੰਦਰ ਗਿੱਲ ਦੇ ਬਚਪਨ ਤੋਂ ਹੁੰਦੀ ਹੈ, ਜਿੱਥੇ ਅਮਰਿੰਦਰ ਗਿੱਲ ਦੇ ਚਾਚਾ ਉਸ ਨੂੰ ਸ਼ਰਾਬ ਪੀਣ ਲਈ ਕਹਿੰਦੇ ਹਨ, ਬਸ ਇੱਥੋਂ ਗਿੱਲ ਦੇ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਕਹਾਣੀ ਵਿੱਚ ਉਦੋਂ ਮੋੜ ਆਉਂਦਾ ਹੈ, ਜਦੋਂ ਅਦਾਕਾਰ ਕੋਲ ਰਹਿਣ ਲਈ ਛੋਟੀ ਕੁੜੀ ਆਉਂਦੀ ਹੈ ਅਤੇ ਗਿੱਲ ਦੇ ਸਾਰਾ ਦਿਨ ਸ਼ਰਾਬ ਪੀਂਦੇ ਰਹਿਣ ਤੋਂ ਨਿਰਾਸ਼-ਪਰੇਸ਼ਾਨ ਹੋ ਜਾਂਦੀ ਹੈ। ਪਰ ਉਹ ਉਸਨੂੰ ਦਾਰੂ ਤੋਂ ਦੂਰ ਰਹਿਣ ਅਤੇ ਉਸਨੂੰ ਆਪਣੀ ਜ਼ਿੰਦਗੀ ਬਿਹਤਰ ਕਰਨ ਲਈ ਕਹਿੰਦੀ ਹੈ। ਫਿਲਮ ‘ਚ ਕਈ ਥਾਵਾਂ ਉਤੇ ਤੁਹਾਨੂੰ ਹਾਸਾ-ਮਜ਼ਾਕ ਦੇਖਣ ਨੂੰ ਮਿਲੇਗਾ। ਪਰ ਹੁਣ ਫਿਲਮ ‘ਦਾਰੂ ਨਾ ਪੀਂਦਾ ਹੋਵੇ’ ਨੂੰ ਪੂਰਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਇਹ ਪਤਾ ਲੱਗੇਗਾ ਕਿ ਗਾਇਕ ਇੱਕ ਛੋਟੀ ਬੱਚੀ ਦਾ ਦਿਲ ਕਿਵੇਂ ਜਿੱਤਦਾ ਹੈ ਅਤੇ ਉਹ ਸ਼ਰਾਬ ਪੀਣੀ ਛੱਡਦਾ ਹੈ ਜਾਂ ਨਹੀਂ।
ਜੇਕਰ ਪਹਿਲੇ ਦਿਨ ਫਿਲਮ ਦੇਖਣ ਆਏ ਲੋਕਾਂ ਦੀ ਗੱਲ ਕਰੀਏ ਤਾਂ ਸਭ ਨੇ ਫਿਲਮ ਦੀ ਕਹਾਣੀ ਤੇ ਕਿਰਦਾਰਾਂ ਨੂੰ ਖੂਬ ਸਰਾਹਿਆ ਹੈ। ਯਾਨੀ ਕਿ ਸਭ ਦੇ ਪਸੰਦੀਦਾ ਐਕਟਰ ਨੇ ਇੱਕ ਵਾਰ ਫਿਰ ਸਭ ਦਾ ਦਿੱਲ ਜਿੱਤ ਲਿਆ ਹੈ।