ਪੈਰਿਸ ਓਲੰਪਿਕ 2024 ਵਿੱਚ ਭਾਰਤ ਨੇ ਛੇਵਾਂ ਤਮਗਾ ਜਿੱਤਿਆ ਹੈ। ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ ਫਰੀਸਟਾਈਲ 57 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅਮਨ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾਇਆ ਹੈ। ਅਮਨ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਸੱਤਵਾਂ ਭਾਰਤੀ ਪਹਿਲਵਾਨ ਬਣ ਗਿਆ ਹੈ। ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ 6 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ ਚਾਰ ਕਾਂਸੀ ਅਤੇ ਇੱਕ ਚਾਂਦੀ ਦਾ ਹੈ। ਸਭ ਤੋਂ ਪਹਿਲਾਂ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ। ਫਿਰ ਮਿਕਸਡ ਟੀਮ ਮੁਕਾਬਲੇ ਵਿੱਚ ਵੀ ਮਨੂ ਭਾਕਰ ਨੇ ਦੂਜਾ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ। ਇਸ ਦੌਰਾਨ ਸਰਬਜੋਤ ਸਿੰਘ ਵੀ ਉਨ੍ਹਾਂ ਦੇ ਨਾਲ ਟੀਮ ਵਿੱਚ ਸਨ। ਸਵਪਨਿਲ ਕੁਸਲੇ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਸ਼ੂਟਿੰਗ ਵਿੱਚ ਤੀਜਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਫਿਰ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਅਤੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਹੁਣ ਅਮਨ ਨੇ ਪੈਰਿਸ ਵਿੱਚ ਭਾਰਤੀ ਤਿਰੰਗਾ ਲਹਿਰਾਇਆ ਹੈ।