ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਵਿਅਕਤੀ ਵੱਲੋਂ ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਕੁਹਾੜੀ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬੁੱਧਵਾਰ ਸਵੇਰੇ 9:30 ਵਜੇ ਵਾਪਰੀ ਸੀ। ਇਸ ਹਮਲੇ ‘ਚ ਅਮਨ ਨੂੰ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਹ ਹਸਪਤਾਲ ‘ਚ ਭਰਤੀ ਹੈ। ਹਮਲਾਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਦਾ ਕਾਰਨ ਕੀ ਸੀ।
ਅਮਨ ਕੈਲੀਫੋਰਨੀਆ ਦੇ ਗ੍ਰੈਂਡ ਓਕਸ ਵਿੱਚ ਪਲੈਨੇਟ ਫਿਟਨੈਸ ਜਿਮ ਵਿੱਚ ਵਰਕਆਊਟ ਕਰ ਰਿਹਾ ਸੀ। ਇਸ ਦੌਰਾਨ ਇੱਕ ਹਮਲਾਵਰ ਚਾਕੂ ਅਤੇ ਕੁਹਾੜੀ ਲੈ ਕੇ ਜਿੰਮ ਵਿੱਚ ਦਾਖਲ ਹੋਇਆ ਅਤੇ ਅਮਨ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰ ਨੇ ਅਮਨ ਨੂੰ ਫੜ੍ਹ ਲਿਆ। ਉਹ ਕਹਿ ਰਿਹਾ ਸੀ – “ਕਿਰਪਾ ਕਰਕੇ ਸਾਡੀ ਇੱਜ਼ਤ ਕਰੋ। ਮੈਨੂੰ ਪਾਣੀ ਦਿਓ। ਮੈਨੂੰ ਪਾਣੀ ਚਾਹੀਦਾ ਹੈ। ਤੁਸੀਂ ਮੇਰਾ ਫਾਇਦਾ ਨਹੀਂ ਉਠਾ ਸਕਦੇ।”
ਇਹ ਗੱਲਾਂ ਕਰਦੇ ਹੋਏ ਹਮਲਾਵਰ ਅਮਨ ਨੂੰ ਚਾਕੂ ਦਿਖਾ ਕੇ ਧਮਕੀਆਂ ਦਿੰਦਾ ਰਿਹਾ। ਉਸ ਨੇ ਫਿਰ ਆਪਣਾ ਹੂਡ ਲਾਹ ਲਿਆ ਅਤੇ ਇਸ ਦੌਰਾਨ ਉਸ ਦਾ ਧਿਆਨ ਭਟਕ ਗਿਆ। ਮੌਕਾ ਦੇਖ ਕੇ ਅਮਨ ਨੇ ਉਸ ਨੂੰ ਫੜ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਹੋਰ ਲੋਕਾਂ ਅਤੇ ਸੁਰੱਖਿਆ ਗਾਰਡ ਨੇ ਹਮਲਾਵਰ ਨੂੰ ਫੜ ਲਿਆ।ਅਮਨ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਮਸ਼ਹੂਰ ਅਦਾਕਾਰ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਫਿਰ ਉਸ ਨੂੰ ਪੰਜਾਬੀ ਗੀਤਾਂ ਵਿਚ ਥਾਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੋਗੀਆ ਵੇ ਜੋਗੀਆ ਗੀਤ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਦਿਖਾਈ ਦੇਣ ਲਈ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਅਮਨ ਨੇ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।