ਆਕਲੈਂਡ ‘ਚ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਨਿਊਜ਼ੀਲੈਂਡ ਦੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ। ਦਰਅਸਲ ਆਕਲੈਂਡ ਕਾਉਂਸਿਲ ਵੱਲੋਂ ਸ਼ਰਾਬ ਦੀ ਵਿਕਰੀ ਲਈ ਸਖ਼ਤ ਸਮਾਂ ਲਾਗੂ ਕਰਨ ਤੋਂ ਰੋਕਣ ਲਈ ਸੁਪਰਮਾਰਕੀਟ ਦਿੱਗਜ ਫੂਡਸਟਫਸ ਅਤੇ ਵੂਲਵਰਥ ਨਿਊਜ਼ੀਲੈਂਡ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹਾਰ ਗਏ ਹਨ। ਅੱਠ ਸਾਲਾਂ ਦੇ ਅਦਾਲਤੀ ਕੇਸਾਂ ਅਤੇ ਅਪੀਲਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਅੱਜ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਫੈਸਲੇ ਦਾ ਮਤਲਬ ਹੈ ਕਿ ਆਕਲੈਂਡ ਵਿੱਚ, ਅਲਕੋਹਲ ਹੁਣ ਰਾਤ 9 ਵਜੇ ਤੋਂ ਬਾਅਦ ਸੁਪਰਮਾਰਕੀਟਾਂ ਅਤੇ ਬੋਤਲ ਸਟੋਰਾਂ ਵਰਗੇ ਆਫ-ਲਾਇਸੈਂਸ ਸਟੋਰਾਂ ‘ਤੇ ਨਹੀਂ ਵੇਚੀ ਜਾਏਗੀ।
ਇਹ ਕਾਉਂਸਿਲ ਨੂੰ ਨਵੇਂ ਆਫ-ਲਾਇਸੈਂਸਾਂ ‘ਤੇ ਪਾਬੰਦੀ ਲਗਾਉਣ ਦੀ ਵੀ ਇਜਾਜ਼ਤ ਦਿੰਦਾ ਹੈ। ਜਿਸ ਵਿੱਚ ਸਿਟੀ ਸੈਂਟਰ ਸਮੇਤ ਕੁੱਝ ਖੇਤਰਾਂ ਵਿੱਚ ਨਵੇਂ ਆਫ-ਲਾਇਸੈਂਸ ਜਾਰੀ ਕਰਨ ‘ਤੇ ਅਸਥਾਈ ਰੋਕ ਲਗਾਉਣਾ ਸ਼ਾਮਿਲ ਹੈ। 2015 ਵਿੱਚ, ਕੌਂਸਲ ਨੇ ਸ਼ਰਾਬ ਦੀ ਵਿਕਰੀ ਨੂੰ ਸੀਮਤ ਕਰਨ ਲਈ ਇੱਕ ਨੀਤੀ ਪੇਸ਼ ਕੀਤੀ ਸੀ ਪਰ ਅਦਾਲਤੀ ਕੇਸਾਂ ਅਤੇ ਅਪੀਲਾਂ ਕਾਰਨ ਇਸ ਵਿੱਚ ਦੇਰੀ ਹੋ ਗਈ। ਸੁਪਰੀਮ ਕੋਰਟ ਨੇ ਅੱਜ ਇਸ ਗੱਲ ‘ਤੇ ਸਹਿਮਤੀ ਜਤਾਈ ਹੈ ਕਿ ਜੇਕਰ ਕੋਈ ਵਾਜਬ ਸੰਭਾਵਨਾ ਹੈ ਕਿ ਇਹ ਸ਼ਰਾਬ ਨਾਲ ਸਬੰਧਿਤ ਨੁਕਸਾਨ ਨੂੰ ਘੱਟ ਕਰੇਗਾ ਤਾਂ ਪਾਬੰਦੀ ਜਾਇਜ਼ ਹੋ ਸਕਦੀ ਹੈ।