ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਬੁੱਧਵਾਰ ਨੂੰ ਆਪਣਾ 48ਵਾਂ ਜਨਮਦਿਨ ਖਾਸ ਤਰੀਕੇ ਨਾਲ ਮਨਾਇਆ। ਇਸ ਮੌਕੇ ਨੂੰ ਯਾਦਗਾਰ ਬਣਾਉਣ ਵਿੱਚ ਅਲਬਾਨੀਆ ਦੇ ਪ੍ਰਧਾਨ ਮੰਤਰੀ ਈਡੀ ਰਾਮਾ ਨੇ ਅਹਿਮ ਭੂਮਿਕਾ ਨਿਭਾਈ। ਆਬੂ ਧਾਬੀ ‘ਚ ਆਯੋਜਿਤ ਵਰਲਡ ਫਿਊਚਰ ਐਨਰਜੀ ਸਮਿਟ ਦੌਰਾਨ ਮੇਲੋਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਮੇਲੋਨੀ ਲਈ ਗੀਤ ਗਾਇਆ ਅਤੇ ਖਾਸ ਤੋਹਫਾ ਦਿੱਤਾ।
ਸਿਖਰ ਸੰਮੇਲਨ ਦੌਰਾਨ, ਈਡੀ ਰਾਮਾ ਨੇ ਗੋਡਿਆਂ ਭਾਰ ਹੋ ਕੇ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ‘ਤੰਤੀ ਅਗੁਰੀ’ (ਇਟਾਲੀਅਨ ਵਿੱਚ ਹੈਪੀ ਬਰਥਡੇ) ਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮੇਲੋਨੀ ਨੂੰ ਹਲਕੇ ਭਾਰ ਦਾ ਸਕਾਰਫ ਗਿਫਟ ਕੀਤਾ। ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਮੇਲੋਨੀ ਨੂੰ ਇਹ ਸਕਾਰਫ ਆਪਣੇ ਹੱਥਾਂ ਨਾਲ ਪਹਿਨਾਇਆ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਹੋਰ ਨੇਤਾ ਵੀ ਪ੍ਰਭਾਵਿਤ ਹੋਏ ਅਤੇ ਤਾੜੀਆਂ ਨਾਲ ਇਸ ਪਲ ਦਾ ਸਵਾਗਤ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਿਕ ਤੋਹਫਾ ਦੇਣ ਤੋਂ ਬਾਅਦ ਰਾਮਾ ਨੇ ਮੇਲੋਨੀਆ ਨੂੰ ਇਹ ਵੀ ਦੱਸਿਆ ਕਿ ਇਸ ਨੂੰ ਇਕ ਇਤਾਲਵੀ ਡਿਜ਼ਾਈਨਰ ਨੇ ਡਿਜ਼ਾਈਨ ਕੀਤਾ ਹੈ, ਜੋ ਹੁਣ ਅਲਬਾਨੀਆ ‘ਚ ਰਹਿੰਦਾ ਹੈ। ਇਹ ਤੋਹਫ਼ਾ ਦੋਵਾਂ ਨੇਤਾਵਾਂ ਦਰਮਿਆਨ ਮਜ਼ਬੂਤ ਕੰਮਕਾਜੀ ਸਬੰਧਾਂ ਨੂੰ ਦਰਸਾਉਂਦਾ ਹੈ। ਹਾਲਾਂਕਿ, ਰਾਮਾ ਅਤੇ ਮੇਲੋਨੀ ਦੀਆਂ ਰਾਜਨੀਤਿਕ ਵਿਚਾਰਧਾਰਾਵਾਂ ਵੱਖਰੀਆਂ ਹਨ। ਮੇਲੋਨੀ ਸੱਜੇ-ਪੱਖੀ ਪਾਰਟੀ ਬ੍ਰਦਰਜ਼ ਆਫ਼ ਇਟਲੀ ਦੀ ਅਗਵਾਈ ਕਰਦੀ ਹੈ, ਜਦੋਂ ਕਿ ਰਾਮਾ ਅਲਬਾਨੀਆ ਦੀ ਸੋਸ਼ਲਿਸਟ ਪਾਰਟੀ ਦੀ ਅਗਵਾਈ ਕਰਦੇ ਹਨ।
https://x.com/kos_data/status/1879519490142253412