ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਦਿਆਂ ਕਈ ਵੱਡੇ ਫੈਸਲੇ ਲਏ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਉਨ੍ਹਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ। ਉੱਥੇ ਹੀ ਸੁਖਬੀਰ ਬਾਦਲ ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਹੈ। ਜਿਸ ਕਾਰਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜਾ ਲਗਾਈ ਜਾਂਦੀ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਨਖਾਹ ਦਾ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਸਮੇਤ ਛੇ ਹੋਰ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਧਾਰਮਿਕ ਸਜ਼ਾ ਸੁਣਾਈ। ਉਨ੍ਹਾਂ ਆਦੇਸ਼ ਦਿੱਤਾ ਕਿ ਇਹ ਸਾਰੇ ਅਕਾਲੀ ਆਗੂ ਭਲਕੇ ਤਿੰਨ ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਖਾਨਿਆਂ ਵਿੱਚ 12 ਤੋਂ ਇੱਕ ਵਜੇ ਤੱਕ ਇੱਕ ਘੰਟੇ ਸਫਾਈ ਦੀ ਸੇਵਾ ਕਰਨਗੇ। ਇਹ ਸੇਵਾ ਦੋ ਦਿਨ ਵਾਸਤੇ ਹੋਵੇਗੀ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਉਨ੍ਹਾਂ ਦੀ ਹਾਜ਼ਰੀ ਅਤੇ ਸੇਵਾ ਦੀ ਨਿਗਰਾਨੀ ਕਰਨਗੇ। ਆਪਣੀ ਇਸ ਸੇਵਾ ਦੌਰਾਨ ਉਹ ਆਪਣੇ ਗਲ ਵਿੱਚ ਤਖਤੀਆਂ ਪਾ ਕੇ ਰੱਖਣਗੇ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਵਿਖੇ ਘੰਟਾ ਘਰ ਦੇ ਬਾਹਰ ਸੇਵਾਦਾਰ ਦੀ ਵਰਦੀ ਪਾ ਕੇ ਅਤੇ ਹੱਥ ਵਿੱਚ ਬਰਛਾ ਫੜ ਕੇ ਸੇਵਾ ਕਰਨ ਦਾ ਆਦੇਸ਼ ਦਿੱਤਾ ਗਿਆ। ਇੱਕ ਘੰਟੇ ਦੀ ਇਹ ਸੇਵਾ ਦੌਰਾਨ ਉਹ ਵੀਲ੍ਹ ਚੇਅਰ ’ਤੇ ਵੀ ਬੈਠ ਸਕਣਗੇ। ਉਹ ਦੋ ਦਿਨ ਇਹ ਸੇਵਾ ਕਰਨਗੇ। ਉਪਰੰਤ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਬਰਤਨ ਸਾਫ ਕਰਨ, ਇਕ ਘੰਟਾ ਕੀਰਤਨ ਸਰਵਣ ਕਰਨ ਅਤੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਇਹ ਸਾਰੇ ਅਕਾਲੀ ਆਗੂ ਦੋ ਦਿਨ ਤਕ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹੋ ਸੇਵਾ ਕਰਨਗੇ। ਇਹ ਸਾਰੀ ਸੇਵਾ ਮੁਕੰਮਲ ਹੋਣ ਤੋਂ ਬਾਅਦ ਉਹ ਅਕਾਲ ਤਖ਼ਤ ਵਿਖੇ 11 ਹਜ਼ਾਰ ਰੁਪਏ ਦੀ ਦੇਗ ਕਰਾਉਣਗੇ ਅਤੇ ਗੋਲਕ ਵਿੱਚ 11000 ਰੁਪਏ ਭੇਟਾ ਕਰਨਗੇ। ਉਸ ਤੋਂ ਬਾਅਦ ਆਪਣੀ ਖਿਮਾ ਯਾਚਨਾ ਦੀ ਅਰਦਾਸ ਕਰਵਾਉਣਗੇ।
ਇਸੇ ਤਰ੍ਹਾਂ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮਜੀਤ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਮਹੇਸ਼ ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼ਰਨਜੀਤ ਸਿੰਘ, ਜਨਮੇਜਾ ਸਿੰਘ ਅਤੇ ਹੋਰ ਆਗੂ ਭਲਕੇ ਤਿੰਨ ਦਸੰਬਰ ਨੂੰ 12 ਤੋਂ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਵਾਸ਼ਰੂਮਾਂ ਦੀ ਸਫਾਈ ਕਰਨਗੇ। ਇਸ ਤੋਂ ਬਾਅਦ ਉਹ ਅਗਲੇ ਪੰਜ ਦਿਨ ਆਪੋ-ਆਪਣੇ ਨਗਰਾਂ ਦੇ ਗੁਰਦੁਆਰਿਆਂ ਵਿੱਚ ਇਕ-ਇਕ ਘੰਟਾ ਸੰਗਤ ਦੇ ਜੋੜੇ ਝਾੜਨ, ਝਾੜੂ ਮਾਰਨ, ਪੋਚਾ ਮਾਰਨ, ਕੀਰਤਨ ਸੁਣਨ ਤੇ ਹੋਰ ਸੇਵਾਵਾਂ ਕਰਨਗੇ।
ਦੱਸ ਦੇਈਏ ਇਨ੍ਹਾਂ ਵਿੱਚੋਂ ਕੁਝ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਭੁੱਲਾਂ-ਚੁੱਕਾਂ ਅਤੇ ਗਲਤੀਆਂ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਹੋਣ ਅਤੇ ਕੁਝ ਨੇ ਚੁੱਪ ਰਹਿ ਕੇ ਉਨ੍ਹਾਂ ਦੀ ਹਮਾਇਤ ਕਰਨ ਦੇ ਦੋਸ਼ ਕਬੂਲ ਕੀਤੇ। ਇਸ ਮਗਰੋਂ ਲਗਭਗ ਪੌਣਾ ਘੰਟਾ ਸਿੰਘ ਸਾਹਿਬਾਨ ਵੱਲੋਂ ਆਪਸ ਵਿੱਚ ਵਿਚਾਰ-ਚਰਚਾ ਕਰਨ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਖ਼ਿਲਾਫ਼ ਤਨਖਾਹ ਦਾ ਐਲਾਨ ਕੀਤਾ ਗਿਆ।