ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਪੱਤਰਕਾਰਾਂ ਵੱਲੋਂ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਗੁੱਸੇ ‘ਚ ਆ ਗਏ। ਮੰਤਰੀ ਨੇ ਉਥੇ ਮੌਜੂਦ ਪੱਤਰਕਾਰਾਂ ਦਾ ਮਾਈਕ ਫੜ੍ਹ ਲਿਆ ਅਤੇ ਗਾਲ੍ਹਾਂ ਕੱਢਦਿਆਂ ਉਨ੍ਹਾਂ ਨੂੰ ਚੋਰ ਕਹਿ ਦਿੱਤਾ।
ਬੁੱਧਵਾਰ ਨੂੰ ਜਦੋਂ ਪੱਤਰਕਾਰਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਤੋਂ ਐਸਆਈਟੀ ਦੀ ਰਿਪੋਰਟ ‘ਤੇ ਸਵਾਲ ਪੁੱਛੇ ਤਾਂ ਉਹ ਭੜਕ ਗਏ। ਮੰਤਰੀ ਨੇ ਕਿਹਾ, ‘ਜਾ ਕੇ ਐਸਆਈਟੀ ਨੂੰ ਪੁੱਛੋ, ਇਹ ਤੁਹਾਡੇ ਮੀਡੀਆ ਵਾਲਾ ਨੇ ਨਾ, ਇੰਨ੍ਹਾਂ —– ਨੇ ਹੀ ਇੱਕ ਬੇਕਸੂਰ ਆਦਮੀ ਨੂੰ ਫਸਾਇਆ ਹੈ, ਸ਼ਰਮ ਨਹੀਂ ਆਉਂਦੀ, ਕਿੰਨੇ ਗੰਦੇ ਲੋਕ ਹਨ, ਤੁਸੀਂ ਕੀ ਜਾਣਨਾ ਚਾਹੁੰਦੇ ਹੋ …’ ਐਸਆਈਟੀ ਨੂੰ ਨਹੀਂ ਪੁੱਛਿਆ…’ ਦੱਸ ਦੇਈਏ ਕਿ ਇਸ ਦੌਰਾਨ ਅਜੇ ਮਿਸ਼ਰਾ ਨੂੰ ਦਿੱਲੀ ਤਲਬ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਾਮ 5.35 ਵਜੇ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ।
ਦਰਅਸਲ ਮੰਤਰੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਨ ਕਰ ਰਹੇ ਸਨ। ਜਦੋਂ ਇੱਕ ਪੱਤਰਕਾਰ ਵੱਲੋਂ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਲੱਗੇ ਨਵੇਂ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਨੇ ਕਿਹਾ, “ਇਹ ਮੂਰਖਤਾ ਭਰੇ ਸਵਾਲ ਨਾ ਪੁੱਛੋ, ਦਿਮਾਗ ਖਰਾਬ ਹੈ ਕੀ ?” ਸਾਹਮਣੇ ਆਈ ਵੀਡੀਓ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਇੱਕ ਹੋਰ ਪੱਤਰਕਾਰ ਦਾ ਮਾਈਕ ਖੋਹਦੇ ਹੋਏ ਨਜ਼ਰ ਆ ਰਹੇ ਹਨ।