ਗ੍ਰੇਟਰ ਨੋਇਡਾ ‘ਚ ਇੱਕ ਦਵਾਈ ਕੰਪਨੀ ਦੇ ਨਾਂ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਠੱਗੀਆਂ ਮਾਰਨ ਵਾਲੇ ਨਾਈਜੀਰੀਅਨ ਗਿਰੋਹ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਠੱਗਾਂ ਨੇ ਕਰੀਬ 1.80 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇੰਨਾ ਹੀ ਨਹੀਂ ਪੁਲਿਸ ਨੇ ਗਿਰੋਹ ਤੋਂ ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਦਾ ਫਰਜ਼ੀ ਪਾਸਪੋਰਟ ਵੀ ਬਰਾਮਦ ਕੀਤਾ ਹੈ। ਹੁਣ ਇਸ ਮਾਮਲੇ ‘ਚ ਪੁਲਿਸ ਮੁਲਜ਼ਮਾਂ ਤੋਂ ਹਰ ਐਂਗਲ ‘ਤੇ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਪੁਲਿਸ ਪੁੱਛਗਿੱਛ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਗਿਰੋਹ ਐਸ਼ਵਰਿਆ ਦੇ ਫਰਜ਼ੀ ਪਾਸਪੋਰਟ ਨਾਲ ਕੀ ਕਰਨ ਜਾ ਰਿਹਾ ਸੀ। ਨਾਲ ਹੀ ਇਹ ਗਰੋਹ ਮਹਿੰਗੇ ਭਾਅ ਦਵਾਈ ਲਈ ਜੜੀ ਬੂਟੀਆਂ ਖਰੀਦਣ ਦਾ ਵਾਅਦਾ ਵੀ ਕਰਦਾ ਸੀ। ਇਸ ਤੋਂ ਇਲਾਵਾ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਇਹ ਗਿਰੋਹ ਮੈਟਰੀਮੋਨੀਅਲ ਸਾਈਟਸ ਅਤੇ ਡੇਟਿੰਗ ਐਪਸ ਦੇ ਜ਼ਰੀਏ ਵੀ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਸੀ।
ਜਾਣਕਾਰੀ ਇਹ ਵੀ ਹੈ ਕਿ ਐਸ਼ਵਰਿਆ ਦੇ ਨਾਂ ਦੀ ਵਰਤੋਂ ਕਰਕੇ ਨਾਈਜੀਰੀਅਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ। ਇਹ ਗਿਰੋਹ ਲੋਕਾਂ ਨੂੰ ਭਰੋਸਾ ਦਿਵਾਉਂਦਾ ਸੀ ਕਿ ਉਨ੍ਹਾਂ ਦੇ ਉਤਪਾਦ ਦੀ ਵਰਤੋਂ ਵੀ ਐਸ਼ਵਰਿਆ ਕਰਦੀ ਸੀ। ਐਸ਼ਵਰਿਆ ਰਾਏ ਦਾ ਨਾਂ ਲੈ ਕੇ ਉਹ ਲੋਕਾਂ ਨੂੰ ਆਪਣੇ ਜਾਲ ‘ਚ ਫਸਾਉਂਦੇ ਸੀ ਅਤੇ ਫਿਰ ਆਪਣਾ ਕੰਮ ਕਰਦੇ ਸੀ। ਜਾਣਕਾਰੀ ਅਨੁਸਾਰ ਇਸ ਕੰਮ ਵਿੱਚ ਇੱਕ ਸੇਵਾਮੁਕਤ ਕਰਨਲ ਵੀ ਸ਼ਾਮਿਲ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 3 ਹਜ਼ਾਰ ਅਮਰੀਕੀ ਡਾਲਰ (2.50 ਲੱਖ ਰੁਪਏ), 11 ਕਰੋੜ ਰੁਪਏ ਦੀ ਜਾਅਲੀ ਕਰੰਸੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 10,500 ਪੌਂਡ (ਯੂਕੇ ਦੀ ਕਰੰਸੀ) ਵੀ ਬਰਾਮਦ ਕੀਤੀ ਗਈ। ਗਿਰੋਹ ਕੋਲ ਐਸ਼ਵਰਿਆ ਰਾਏ ਦੀ ਫੋਟੋ ਵਾਲਾ ਫਰਜ਼ੀ ਪਾਸਪੋਰਟ ਵੀ ਮਿਲਿਆ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਗਰੋਹ ਨੇ ਕਿੰਨੀਆਂ ਮਸ਼ਹੂਰ ਹਸਤੀਆਂ ਦੇ ਇਸ ਤਰ੍ਹਾਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਹਨ।