ਪੰਜਾਬ ‘ਚ ਪਿਛਲੇ ਕੁੱਝ ਦਿਨਾਂ ਤੋਂ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਮੰਗਲਵਾਰ ਨੂੰ ਵੀ ਹਵਾ ਪ੍ਰਦੂਸ਼ਣ ‘ਚ ਕਾਫੀ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿੱਚ ਵੀ ਏਅਰ ਕੁਆਲਿਟੀ ਇੰਡੈਕਸ (AQI) ਨੂੰ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਦਮੇ, ਬ੍ਰੌਨਕਾਈਟਸ ਅਤੇ ਸੀਓਪੀਡੀ ਦੇ ਮਾਮਲੇ ਵੱਧ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਵਧਦੇ ਪ੍ਰਦੂਸ਼ਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਵਿਗੜ ਸਕਦੀ ਹੈ। ਇਸ ਲਈ ਇਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਫਿਜ਼ੀਸ਼ੀਅਨ ਡਾ: ਅਰੁਣ ਸ਼ਾਹ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕ ਪ੍ਰਦੂਸ਼ਿਤ ਹਵਾ ਤੋਂ ਬਹੁਤ ਜ਼ਿਆਦਾ ਪੀੜਤ ਹੋ ਸਕਦੇ ਹਨ। ਇਸ ਮੌਸਮ ਵਿੱਚ ਬੱਚੇ ਅਤੇ ਬਜ਼ੁਰਗ ਨਿਮੋਨੀਆ ਦੀ ਸ਼ਿਕਾਇਤ ਕਰਦੇ ਹਨ। ਇਸ ਵਿੱਚ ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ‘ਚ ਤਕਲੀਫ ਹੁੰਦੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਫੇਫੜੇ ਵੱਧਣ ਦੀ ਅਵਸਥਾ ਵਿੱਚ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਜਲਦੀ ਸਾਹ ਲੈਣਾ ਪੈਂਦਾ ਹੈ, ਜਿਸ ਕਾਰਨ ਵੱਡੀ ਮਾਤਰਾ ਵਿੱਚ ਪ੍ਰਦੂਸ਼ਿਤ ਹਵਾ ਫੇਫੜਿਆਂ ਵਿਚ ਚਲੀ ਜਾਂਦੀ ਹੈ। ਇਸੇ ਤਰ੍ਹਾਂ ਬਜ਼ੁਰਗਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ। ਕਿਉਂਕਿ ਵਧਦੀ ਉਮਰ ਦੇ ਨਾਲ ਫੇਫੜਿਆਂ ਦੀ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਅਸਥਮਾ ਪ੍ਰਦੂਸ਼ਿਤ ਹਵਾ ਕਾਰਨ ਵੀ ਹੋ ਸਕਦਾ ਹੈ। ਐਸ.ਓ.ਪੀ.ਡੀ. ਦੇ ਮਰੀਜਾਂ ਨੂੰ ਵੀ ਕਾਫੀ ਪਰੇਸ਼ਾਨੀ ਹੋ ਸਕਦੀ ਹੈ।ਅਜਿਹੀ ਸਥਿਤੀ ਵਿੱਚ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦਮੇ ਅਤੇ ਬ੍ਰੌਨਕਾਈਟਿਸ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਵਿੱਚ ਅਸਥਮਾ ਅਤੇ ਬ੍ਰੌਨਕਾਈਟਸ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ। ਕਈ ਅਜਿਹੇ ਮਾਮਲੇ ਵੀ ਹਨ ਜਿੱਥੇ ਲੋਕ ਲਗਾਤਾਰ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਵਧਦੇ ਪ੍ਰਦੂਸ਼ਣ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫਿਲਹਾਲ ਕੁੱਝ ਦਿਨਾਂ ਤੱਕ ਇਹ ਸਥਿਤੀ ਬਣੀ ਰਹਿ ਸਕਦੀ ਹੈ। ਅਜਿਹੇ ‘ਚ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਇਸ ਤਰ੍ਹਾਂ ਕਰੋ ਦੇਖਭਾਲ – ਬੱਚਿਆਂ ਨੂੰ ਪ੍ਰਦੂਸ਼ਿਤ ਹਵਾ ਵਿੱਚ ਬਾਹਰ ਨਾ ਲੈ ਕੇ ਜਾਓ। ਬੱਚੇ ਦੇ ਮੂੰਹ ਨੂੰ ਹਲਕੇ ਕੱਪੜੇ ਨਾਲ ਢੱਕੋ। ਬਜ਼ੁਰਗਾਂ ਨੂੰ ਵੀ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਸਕ ਪਾਉਣਾ ਚਾਹੀਦਾ ਹੈ। ਧੂੜ ਅਤੇ ਧੂੰਏਂ ਵਿੱਚ ਨਾ ਜਾਓ। ਜੇਕਰ ਕਿਸੇ ਬੀਮਾਰੀ ਦੀ ਦਵਾਈ ਚੱਲ ਰਹੀ ਹੈ ਤਾਂ ਸਮੇਂ ਸਿਰ ਲਓ। ਜੇ ਤੁਹਾਨੂੰ ਚਾਰ ਦਿਨਾਂ ਤੋਂ ਵੱਧ ਖੰਘ ਰਹਿੰਦੀ ਹੈ ਤਾਂ ਛਾਤੀ ਦਾ ਐਕਸ-ਰੇ ਕਰਵਾਓ। ਜੇਕਰ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।