ਬੀਤੀ ਸ਼ਾਮ ਵੈਲਿੰਗਟਨ ਤੋਂ ਸਿਡਨੀ ਹਵਾਈ ਅੱਡੇ ਲਈ ਉਡਾਣ ਭਰਨ ਵਾਲੀ ਏਅਰ ਨਿਊਜ਼ੀਲੈਂਡ ਦੀ ਉਡਾਣ ਐਨ ਜੈਡ 247 ਵਿੱਚ ਉਸ ਵੇਲੇ ਡਰ ਭਰਿਆ ਮਾਹੌਲ ਬਣ ਗਿਆ ਸੀ, ਜਦੋਂ ਇਸ ਵਿੱਚ ਬੰਬ ਹੋਣ ਦੀ ਅਫਵਾਹ ਸਾਹਮਣੇ ਆਈ ਸੀ। ਹਾਲਾਂਕਿ ਜਹਾਜ ਨੂੰ ਸਿਡਨੀ ਏਅਰਪੋਰਟ ‘ਤੇ ਸੁਰੱਖਿਅਤ ਉਤਾਰ ਲਿਆ ਗਿਆ ਸੀ ਤੇ ਜਹਾਜ ਨੂੰ ਕੁੱਝ ਸਮੇਂ ਲਈ ਰਨਵੇਅ ‘ਤੇ ਹੀ ਖੜਾ ਕੀਤਾ ਹੋਇਆ ਸੀ, ਇਸ ਜਹਾਜ਼ ‘ਚ ਕਰੂ ਮੈਂਬਰਾਂ ਸਮੇਤ 154 ਯਾਤਰੀ ਸਨ ਤੇ ਇਸ ਘਟਨਾ ਕਾਰਨ ਯਾਤਰੀਆਂ ਨੂੰ ਕਈ ਘੰਟੇ ਖੱਜਲ-ਖੁਆਰ ਹੋਣਾ ਪਿਆ। ਦੂਰ ਰਨਵੇਅ ‘ਤੇ ਖੜੇ ਕੀਤੇ ਜਹਾਜ ਨੂੰ ਲੈਂਡਿੰਗ ਤੋਂ ਬਾਅਦ 40 ਐਮਰਜੈਂਸੀ ਵਾਹਨਾ ਅਤੇ ਬੌਂਬ ਸਕੁਅਡ ਦੀ ਟੀਮ ਨੇ ਘੇਰ ਲਿਆ ਤੇ ਕਈ ਘੰਟਿਆਂ ਤੱਕ ਜਹਾਜ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਨੂੰ ਜਹਾਜ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ ਅਤੇ ਜਦੋਂ ਜਹਾਜ ਦੀ ਸਾਰੀ ਚੈਕਿੰਗ ਹੋ ਗਈ ਤਾਂ ਇੱਕ-ਇੱਕ ਕਰਕੇ ਯਾਤਰੀਆਂ ਨੂੰ ਜਹਾਜ ਤੋਂ ਉਤਰਣ ਦੀ ਇਜਾਜਤ ਦਿੱਤੀ ਗਈ।