ਸ਼ੁੱਕਰਵਾਰ ਨੂੰ ਏਅਰ ਨਿਊਜ਼ੀਲੈਂਡ ਦੀ ਇੱਕ ਫਲਾਈਟ ਨੂੰ ਅਚਾਨਕ ਅੱਧੇ ਰਾਸਤੇ ਵਿੱਚੋਂ ਵਾਪਿਸ ਮੋੜਿਆ ਗਿਆ ਹੈ। ਦਰਅਸਲ ਆਕਲੈਂਡ ਤੋਂ ਹਾਂਗਕਾਂਗ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਨੂੰ ਸ਼ੁੱਕਰਵਾਰ ਨੂੰ ਮਕੈਨੀਕਲ ਖਰਾਬੀ ਕਾਰਨ ਵਾਪਿਸ ਮੋੜਨਾ ਪਿਆ ਹੈ। NZ81 ਨੇ ਹਾਂਗਕਾਂਗ ਲਈ ਸ਼ੁੱਕਰਵਾਰ ਸਵੇਰੇ 9 ਵਜੇ ਆਕਲੈਂਡ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਹਾਲਾਂਕਿ, ਇਹ ਜਹਾਜ਼ ਆਸਟ੍ਰੇਲੀਆ ਦੇ ਤੱਟ ਤੋਂ ਬਿਲਕੁਲ ਪਿੱਛੇ ਮੁੜਿਆ ਅਤੇ ਲਗਭਗ ਦੋ ਘੰਟੇ ਬਾਅਦ ਆਕਲੈਂਡ ਲਈ ਵਾਪਿਸ ਚਲਿਆ ਗਿਆ।
ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਇੱਕ ਬਿਆਨ ‘ਚ ਕਿਹਾ ਕਿ , “ਆਕਲੈਂਡ ਤੋਂ ਹਾਂਗਕਾਂਗ ਲਈ ਉਡਾਣ ਭਰਨ ਵਾਲਾ NZ81 ਇੰਜੀਨੀਅਰਿੰਗ ਕਾਰਨਾਂ ਕਰਕੇ ਲਗਭਗ ਦੋ ਘੰਟੇ ਦੇ ਸਫ਼ਰ ਮਗਰੋਂ ਆਕਲੈਂਡ ਵਾਪਿਸ ਆ ਗਿਆ ਸੀ।” ਬੁਲਾਰੇ ਨੇ ਕਿਹਾ, “ਆਕਲੈਂਡ ਵਾਪਸ ਆਉਣਾ ਸੁਰੱਖਿਅਤ ਸੀ ਅਤੇ ਸਾਡੀਆਂ ਇੰਜੀਨੀਅਰਿੰਗ ਸਹੂਲਤਾਂ ਇੱਥੇ ਹਨ”, ਬੁਲਾਰੇ ਨੇ ਕਿਹਾ ਕਿ ਫਲਾਈਟ ਨੂੰ ਆਸਟ੍ਰੇਲੀਅਨ ਹਵਾਈ ਅੱਡੇ ‘ਤੇ ਉਤਰਨ ਦੀ ਬਜਾਏ ਵਾਪਿਸ ਆਕਲੈਂਡ ਵੱਲ ਮੋੜ ਦਿੱਤਾ ਗਿਆ ਸੀ।