ਪੂਰੇ ਵਿਸ਼ਵ ਨੂੰ ਆਪਣੀ ਚਪੇਟ ‘ਚ ਲੈਣ ਵਾਲੇ ਕੋਰੋਨਾ ਵਾਇਰਸ ਨੇ ਹੁਣ ਨਿਊਜ਼ੀਲੈਂਡ ਵਿੱਚ ਵੀ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਨਿਊਜ਼ੀਲੈਂਡ ਵਿੱਚ ਹੁਣ ਫਿਰ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਪ੍ਰਸ਼ਾਸਨ ਦੀਆ ਚਿੰਤਾਵਾਂ ਦੇ ਨਾਲ -ਨਾਲ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ। ਇਸ ਦੌਰਾਨ ਏਅਰ ਨਿਊਜ਼ੀਲੈਂਡ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਵੀ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕਰਮਚਾਰੀ ਨੇ ਐਤਵਾਰ ਨੂੰ ਜਾਪਾਨ ਤੋਂ Aotearoa ਲਈ ਉਡਾਣ ਭਰੀ ਸੀ ਜਿਸ ਤੋਂ ਬਾਅਦ ਉਸ ਦਾ ਕੋਵਿਡ -19 ਟੈਸਟ ਸਕਾਰਾਤਮਕ ਆਇਆ ਹੈ। ਏਅਰ ਨਿਊਜ਼ੀਲੈਂਡ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚਾਲਕ ਦਲ ਦਾ ਮੈਂਬਰ “ਠੀਕ” ਹੈ ਅਤੇ ਹੁਣ ਏਕਾਂਤ ਵਾਸ ਹੋ ਰਿਹਾ ਹੈ।
ਏਅਰਲਾਈਨ ਹੁਣ ਸਿਹਤ ਮੰਤਰਾਲੇ ਦੇ ਨਾਲ ਨੇੜਿਓਂ ਕੰਮ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਹੋਰ ਕਰਮਚਾਰੀ ਚਾਲਕ ਦਲ ਦੇ ਮੈਂਬਰ ਦੇ ਸੰਪਰਕ ਵਿੱਚ ਆਏ ਹਨ ਜਾਂ ਨਹੀਂ। ਵੀਰਵਾਰ ਨੂੰ ਨਿਊਜ਼ੀਲੈਂਡ ਕਮਿਊਨਿਟੀ ਦੇ ਵਿੱਚ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਦੇ ਅਨੁਸਾਰ ਆਕਲੈਂਡ ਵਿੱਚ ਹੁਣ 21 ਡੈਲਟਾ ਕੋਵਿਡ ਕੇਸ ਹਨ, ਜਿਨ੍ਹਾਂ ਵਿੱਚੋਂ 2 ਮਰੀਜ਼ ਹਸਪਤਾਲ ਵਿੱਚ ਹਨ। ਜਦਕਿ 19 ਲੋਕ ਆਕਲੈਂਡ ਕੁਆਰੰਟੀਨ ਸਹੂਲਤ ਵਿੱਚ ਹਨ।