ਟਾਟਾ ਗਰੁੱਪ ਦੇ ਹੱਥਾਂ ‘ਚ ਜਾਣ ਤੋਂ ਪਹਿਲਾਂ ਏਅਰ ਇੰਡੀਆ ਨੇ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਏਅਰ ਇੰਡੀਆ ਨੇ ਪੰਜਾਬ ਨੂੰ ਪੰਜ ਤਖ਼ਤਾਂ ਵਿੱਚੋਂ ਇੱਕ ਨੰਦੇੜ ਸਾਹਿਬ ਨਾਲ ਜੋੜਨ ਵਾਲੀ ਸਿੱਧੀ ਉਡਾਣ ਰੱਦ ਕਰ ਦਿੱਤੀ ਹੈ। ਇੰਨ੍ਹਾਂ ਹੀ ਨਹੀਂ, ਅੰਮ੍ਰਿਤਸਰ ਤੋਂ ਰੋਮ ਦੀ ਬੁਕਿੰਗ ਵੀ 1 ਨਵੰਬਰ ਤੋਂ ਏਅਰ ਇੰਡੀਆ ਦੀ ਵੈਬਸਾਈਟ ‘ਤੇ ਉਪਲਬਧ ਨਹੀਂ ਹੈ। ਇਸੇ ਦੌਰਾਨ ਇੱਕ ਹੋਰ ਸੂਚਨਾ ਮਿਲੀ ਹੈ ਕਿ ਏਅਰ ਇੰਡੀਆ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਕਾਰ ਵੀ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹੁਣ ਕੁੱਝ ਮੀਡੀਆਂ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਅਰ ਇੰਡੀਆ ਨੇ ਇਹ ਰੋਮ ਅਤੇ ਨੰਦੇੜ ਸਾਹਿਬ ਸੇਵਾ ਨੂੰ ਵੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਨਾਂਦੇੜ ਲਈ ਸਿੱਧੀ ਉਡਾਣ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਇਹ ਉਡਾਣ ਹਫਤੇ ਦੇ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰਦੀ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ-ਰੋਮ ਸਿੱਧੀ ਉਡਾਣ, ਜੋ ਹਫ਼ਤੇ ਵਿੱਚ ਇੱਕ ਵਾਰ ਹੁੰਦੀ ਸੀ, ਦੀ ਬੁਕਿੰਗ ਵੀ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਉਡਾਣਾਂ ਦੇ ਬੰਦ ਹੋਣ ਨਾਲ ਸੂਬੇ ਦੇ ਲੋਕਾਂ ਦੇ ਨਾਲ-ਨਾਲ ਸੂਬੇ ਦੇ ਸੈਰ-ਸਪਾਟੇ ਨੂੰ ਵੀ ਭਾਰੀ ਸੱਟ ਵੱਜੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ ਉਹ ਜਲਦੀ ਹੀ ਇਹ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਖੀ ਬੀਬੀ ਜਗੀਰ ਕੌਰ ਦੇ ਧਿਆਨ ਵਿੱਚ ਲਿਆਉਣਗੇ। ਇਸਦੇ ਨਾਲ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਣ ਲਈ ਵੀ ਕਿਹਾ ਜਾਵੇਗਾ।