ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਦੀ ਉਡਾਣ ਵਿੱਚ ਸਟਾਫ਼ ਵੱਲੋਂ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗਿਆਨੀ ਰਘਬੀਰ ਸਿੰਘ ਨੇ ਇੱਕ ਪੋਸਟ ਸਾਂਝੀ ਕਰ ਜਾਣਕਾਰੀ ਦਿੰਦਿਆਂ ਕਿਹਾ ਕਿ, “ਦਾਸ ਅਤੇ ਮੇਰੇ ਨਾਲ ਦੋ ਹੋਰ ਜਣਿਆਂ ਨੇ ਸੈਕਰਾਮੈਂਟੋ ਯੂਐੱਸਏ ਵਿਖੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਨਵੀਂ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਯੂਐੱਸਏ ਲਈ ਏਅਰ ਇੰਡੀਆ ਦੀ ਫਲਾਈਟ ਨੰਬਰ ਏਆਈ183 ਰਾਹੀਂ ਬਿਜ਼ਨਸ ਕਲਾਸ ਅਤੇ ਇਕਾਨਮੀ ਟਿਕਟ ਉੱਤੇ ਸਫ਼ਰ ਕਰਨਾ ਸੀ। ਜਹਾਜ਼ ਬੋਰਡ ਕੀਤਾ ਲੇਕਿਨ ਬਿਜ਼ਨਸ ਕਲਾਸ ਸੀਟਾਂ ਦਾ ਬਹੁਤ ਹੀ ਬੁਰਾ ਹਾਲ ਤੇ ਸਾਫ਼ ਸਫਾਈ ਦੇ ਪੱਖੋਂ ਨਿਮਨ ਪੱਧਰ ਹੋਣ ਕਰਕੇ, ਮੇਰੇ ਵੱਲੋਂ ਅਤੇ ਕੁਝ ਯਾਤਰੀਆਂ ਵੱਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ। ਮੌਕੇ ਉੱਤੇ ਸ਼ਿਕਾਇਤ ਕੀਤੇ ਜਾਣ ਉੱਤੇ ਏਅਰ ਇੰਡੀਆ ਦੇ ਸਟਾਫ ਮੈਂਬਰਾਂ ਨੇ ਵੀ ਦੁਰਵਿਵਹਾਰ ਕੀਤਾ ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ ਦਾਸ ਅਤੇ ਕੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਤੋਂ ਬਾਹਰ ਆ ਕੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਦੇ ਸਾਹਮਣੇ ਬੈਠ ਗਏ। ਏਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਦੁਰਵਿਵਹਾਰ ਦੀ ਮੈਂ ਕਰੜੀ ਨਿੰਦਾ ਕਰਦਾ ਹਾਂ ਅਤੇ ਇਸ ਮਸਲੇ ਦਾ ਤੁਰੰਤ ਹੱਲ ਕਰਕੇ ਚੰਗੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਪਿਛਲੇ ਤਿੰਨ ਘੰਟਿਆਂ ਤੋਂ ਸਾਨੂੰ ਏਅਰਪੋਰਟ ਉੱਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜੋ ਵੀ ਬਹੁਤ ਨਿੰਦਣਯੋਗ ਹੈ। ਏਅਰ ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਗਏ ਹਨ ਪਰੰਤੂ ਮੁੜ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ, ਨਾ ਸਾਡਾ ਸਮਾਨ ਵਾਪਸ ਮਿਲਿਆ ਅਤੇ ਨਾ ਹੀ ਏਅਰ ਇੰਡੀਆ ਦੇ ਕਿਸੇ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ। ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ ਤਿੰਨ ਘੰਟਿਆਂ ਤੋਂ ਭੁੱਖੇ ਤੇ ਪਿਆਸੇ ਬੈਠੇ ਹਾਂ, ਅਤਿ ਨਿੰਦਣਯੋਗ ਵਰਤਾਰਾ ਹੈ।”
