ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦਾ ਟਾਇਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਕੁੱਲ 173 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 164 ਯਾਤਰੀ ਅਤੇ ਅਮਲੇ ਦੇ ਨੌਂ ਮੈਂਬਰ ਸਨ। ਜਾਣਕਾਰੀ ਮੁਤਾਬਿਕ ਫਿਲਹਾਲ ਏਅਰ ਇੰਡੀਆ ਦੀ ਇਸ ਫਲਾਈਟ ਨੂੰ ਰੀ-ਸ਼ਡਿਊਲ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਫਲਾਈਟ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 4.30 ਵਜੇ ਕਾਠਮੰਡੂ ਦੇ ਤ੍ਰਿਭੁਨ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਾ ਸੀ। ਫਿਰ ਏਆਈ ਦੇ ਇੱਕ ਡਿਊਟੀ ਅਫਸਰ ਨੇ ਏਅਰਕ੍ਰਾਫਟ ਨੰਬਰ ਏਆਈ 216 ਦੇ ਟਾਇਰ ਫਟਣ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਜਹਾਜ਼ ਨੂੰ ਪਾਰਕਿੰਗ ਖੇਤਰ ‘ਚ ਲਿਜਾਇਆ ਗਿਆ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟਾਇਰ ਫਟਣ ਦੀ ਸੂਚਨਾ ਮਿਲਣ ‘ਤੇ ਏਅਰਬੱਸ 320 ਜਹਾਜ਼ ਨੂੰ ਰਨਵੇ ਤੋਂ ਉਤਾਰ ਕੇ ਪਾਰਕਿੰਗ ਖੇਤਰ ‘ਚ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਜ਼ਰੂਰੀ ਰੱਖ-ਰਖਾਅ ਅਤੇ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਏਅਰ ਇੰਡੀਆ ਦੀ ਉਡਾਣ ਨੂੰ ਹਰੀ ਝੰਡੀ ਦਿੱਤੀ ਜਾਵੇਗੀ।