ਏਅਰ ਇੰਡੀਆ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਸ਼ੁੱਕਰਵਾਰ (28 ਜੁਲਾਈ) ਨੂੰ ਦਿੱਲੀ ਤੋਂ ਪੈਰਿਸ ਲਈ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਸ ਪਰਤਣਾ ਪਿਆ। ਫਲਾਈਟ AI143 ਦੇ ਉਡਾਣ ਭਰਨ ਤੋਂ ਬਾਅਦ, ਦਿੱਲੀ ਏਟੀਸੀ ਨੇ ਆਪਣੇ ਚਾਲਕ ਦਲ ਨੂੰ ਸੂਚਿਤ ਕੀਤਾ ਕਿ ਰਨਵੇ ‘ਤੇ ਟਾਇਰ ਦਾ ਮਲਬਾ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਫਲਾਈਟ ਵਾਪਿਸ ਪਰਤ ਆਈ। ਦੁਪਹਿਰ 2:18 ‘ਤੇ ਜਹਾਜ਼ ਦਿੱਲੀ ‘ਚ ਸੁਰੱਖਿਅਤ ਉਤਰਿਆ। ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਜਦੋਂ ਤੱਕ ਜਹਾਜ਼ ਦੀ ਦਿੱਲੀ ‘ਚ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ, ਉਦੋਂ ਤੱਕ ਜਹਾਜ਼ ਦੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਸ ਦੇ ਨਾਲ ਹੀ ਏਅਰ ਇੰਡੀਆ ਨੇ ਕਿਹਾ, “ਸਾਨੂੰ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਹੈ ਪਰ ਹਮੇਸ਼ਾ ਦੀ ਤਰ੍ਹਾਂ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਏਅਰ ਇੰਡੀਆ ਦੀ ਸਭ ਤੋਂ ਵੱਡੀ ਤਰਜੀਹ ਹੈ।” ਸਮਾਚਾਰ ਏਜੰਸੀ ਪੀਟੀਆਈ ਮੁਤਾਬਿਕ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਦਾ ਟਾਇਰ ਸ਼ਾਇਦ ਫਟ ਗਿਆ ਸੀ ਅਤੇ ਜਹਾਜ਼ ਵਿਚ ਲਗਭਗ 208 ਯਾਤਰੀ ਸਵਾਰ ਸਨ। ਇੱਕ ਏਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੋਂ ਪੈਰਿਸ ਲਈ ਇੱਕ ਹੋਰ ਉਡਾਣ ਰਾਤ ਕਰੀਬ 8.47 ਵਜੇ ਰਵਾਨਾ ਹੋਈ। ‘ਫਲਾਈਟ ਰਾਡਾਰ’ ਐਪ ਦੇ ਅਨੁਸਾਰ, ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨੇ ਦਿੱਲੀ ਤੋਂ ਲਗਭਗ 100 ਕਿਲੋਮੀਟਰ ਦੂਰ ਹਰਿਆਣਾ ਦੇ ਚਰਖੀ ਦਾਦਰੀ ‘ਤੇ ਚੱਕਰ ਕੱਟੇ ਅਤੇ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਨ ਤੋਂ ਪਹਿਲਾਂ ਲਗਭਗ 40 ਮਿੰਟਾਂ ਤੱਕ ਉਡਾਨ ਭਰਦਾ ਰਿਹਾ।