ਜੇਨੇਵਾ ਤੋਂ ਪੈਰਿਸ ਦੀ ਉਡਾਣ ਦੌਰਾਨ ਕਾਕਪਿਟ ਵਿੱਚ ਲੜਨ ਵਾਲੇ ਏਅਰ ਫਰਾਂਸ ਦੇ ਦੋ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਜੂਨ ਮਹੀਨੇ ਦੀ ਹੈ ਜਦੋਂ ਕਾਕਪਿਟ ਵਿੱਚ ਦੋਵੇਂ ਪਾਇਲਟਾਂ ਦੀ ਆਪਸ ਵਿੱਚ ਤਕਰਾਰ ਹੋਈ ਸੀ। ਏਅਰ ਫਰਾਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਇਲਟ ਦੇ ਝਗੜੇ ਦਾ ਫਲਾਈਟ ‘ਤੇ ਕੋਈ ਅਸਰ ਨਹੀਂ ਹੋਇਆ ਅਤੇ ਇਸ ਨੇ ਸੁਰੱਖਿਅਤ ਲੈਂਡਿੰਗ ਕੀਤੀ। ਏਅਰਲਾਈਨ ਨੇ ਕਿਹਾ ਕਿ ਕੰਪਨੀ ਯਾਤਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਇੱਕ ਰਿਪੋਰਟ ਮੁਤਾਬਿਕ ਫਲਾਈਟ ਨੇ ਜਿਵੇਂ ਹੀ ਉਡਾਣ ਭਰੀ ਤਾਂ ਪਾਇਲਟ ਅਤੇ ਕੋ-ਪਾਇਲਟ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਲੜਾਈ ਦੌਰਾਨ ਦੋਵੇਂ ਪਾਇਲਟਾਂ ਨੇ ਇੱਕ-ਦੂਜੇ ਦਾ ਕਾਲਰ ਫੜਿਆ ਅਤੇ ਹੱਥੋਪਾਈ ਕੀਤੀ। ਝਗੜਾ ਵੱਧਦਾ ਦੇਖ ਫਲਾਈਟ ਕਰੂ ਨੂੰ ਦਖਲ ਦੇਣਾ ਪਿਆ। ਕਿਸੇ ਤਰ੍ਹਾਂ ਕਰੂ ਮੈਂਬਰ ਨੇ ਦੋਵਾਂ ਪਾਇਲਟਾਂ ਵਿਚਾਲੇ ਝਗੜਾ ਸ਼ਾਂਤ ਕੀਤਾ।
ਦੱਸ ਦਈਏ ਕਿ ਏਅਰ ਫਰਾਂਸ ਦੀ ਜਾਂਚ ਏਜੰਸੀ ਬੀਈਏ ਨੇ ਬੁੱਧਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਫਲਾਈਟ ਦੌਰਾਨ ਪਾਇਲਟਾਂ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਸੀ।ਕੁੱਝ ਪਾਇਲਟਾਂ ਨੇ ਸੁਰੱਖਿਆ ਦੀਆਂ ਘਟਨਾਵਾਂ ਦੌਰਾਨ ਪ੍ਰਕਿਰਿਆਵਾਂ ਨੂੰ ਲੈ ਕੇ ਸਖਤੀ ਦੀ ਘਾਟ ਦਿਖਾਈ ਸੀ। ਫਰਾਂਸ ਦੀ ਜਾਂਚ ਏਜੰਸੀ ਬੀਈਏ ਨੇ ਆਪਣੀ ਰਿਪੋਰਟ ਵਿੱਚ ਅੱਗੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿਉਂਕਿ ਪਾਇਲਟਾਂ ਵਿਚਕਾਰ ਝੜਪ ਕਾਰਨ ਫਲਾਈਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।