ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਚੱਲ ਰਿਹਾ ਕਲੇਸ਼ ਹੁਣ ਕੁੱਝ ਹੱਦ ਤੱਕ ਖਤਮ ਹੁੰਦਾ ਜਾਪ ਰਿਹਾ ਹੈ। ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਜਾਂ ਰਹੇ ਹਨ। ਪਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਅਤੇ ਪੰਜਾਬ ਕਾਂਗਰਸ ਦੇ ਅਧਿਕਾਰੀਆਂ ਨੂੰ ਚਾਹ ਪਾਰਟੀ ਲਈ ਬੁਲਾਇਆ ਸੀ। ਜਿੱਥੇ ਨਵਜੋਤ ਸਿੱਧੂ ਵੀ ਪਹੁੰਚੇ।
ਇਹ ਚਾਹ ਪਾਰਟੀ ਪੰਜਾਬ ਭਵਨ ਵਿੱਚ ਆਯੋਜਿਤ ਕੀਤੀ ਗਈ ਹੈ, ਜਿੱਥੇ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਆਗੂ ਵੀ ਮੌਜੂਦ ਰਹੇ। ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਨਵੇਂ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਅਤੇ ਕੁਲਜੀਤ ਨਾਗਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਗਏ ਸਨ, ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ। ਨਵਜੋਤ ਸਿੰਘ ਸਿੱਧੂ ਵੱਲੋਂ ਭੇਜੇ ਸੱਦੇ ਵਿੱਚ ਲਿਖਿਆ ਗਿਆ ਸੀ ਕਿ ਕੈਪਟਨ ਪਰਿਵਾਰ ਦੇ ਸੀਨੀਅਰ ਹਨ, ਇਸ ਲਈ ਉਨ੍ਹਾਂ ਨੂੰ ਆਉਣਾ ਚਾਹੀਦਾ ਹੈ ਅਤੇ ਨਵੀਂ ਟੀਮ ਨੂੰ ਆਸ਼ੀਰਵਾਦ ਦੇਣਾ ਚਾਹੀਦਾ ਹੈ।