ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਇੱਕ ਵਾਰ ਫਿਰ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਸੜਕਾਂ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ। ਇਸ ਤੋਂ ਬਾਅਦ ਗਾਜ਼ੀਪੁਰ ਸਰਹੱਦ ਤੋਂ ਕੁੱਝ ਬੈਰੀਕੇਡਿੰਗ ਅਤੇ ਤੰਬੂ ਹਟਾ ਦਿੱਤੇ ਗਏ ਸਨ। ਇਸ ਬਾਰੇ ਕਿਹਾ ਜਾ ਰਿਹਾ ਸੀ ਕਿ ਅੰਦੋਲਨ ਖਤਮ ਕੀਤਾ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ, “ਰਸਤਾ ਖੋਲ੍ਹਣਾ ਅਤੇ ਹੱਟਣਾ ਦੋ ਵੱਖਰੀਆਂ ਗੱਲਾਂ ਹਨ। ਸਾਡੇ ਰਸਤੇ ਖੁੱਲ੍ਹੇ ਹਨ। ਅਸੀਂ ਆਪਣੀ ਕਾਰ ਨੂੰ ਬੈਰੀਕੇਡਿੰਗ ਤੱਕ ਲਿਆ ਕੇ ਦਿਖਾਇਆ। ਕਾਰ ਬੈਰੀਕੇਡਿੰਗ ਤੱਕ ਜਾ ਸਕਦੀ ਹੈ। ਅੱਗੇ ਸਰਕਾਰ ਨੇ ਰਸਤਾ ਬੰਦ ਕਰ ਦਿੱਤਾ ਹੈ। ਲੋਕ ਜਿੱਥੇ ਵੀ ਚਾਹੁਣਗੇ ਉਹ ਜਾਣਗੇ। ਲੋਕਾਂ ਦਾ ਆਪਣਾ ਰਸਤਾ ਹੈ। ਲੋਕਾਂ ਦਾ ਆਪਣਾ ਕੰਮ ਹੈ। ਪਹਿਲਾਂ ਤੁਸੀਂ ਰਸਤਾ ਖੋਲ੍ਹੋ। ਕਿਸਾਨ ਅੱਗੇ ਕਿੱਥੇ ਜਾਵੇਗਾ ਇਹ ਦੱਸ ਦੇਵਾਗੇ, ਕਿਸਾਨ ਦਿੱਲੀ ਜਾਣਗੇ। ਕੀ ਕਿਸਾਨ ‘ਤੇ ਪਾਬੰਦੀ ਹੈ ਕਿ ਕੀ ਉਹ ਦਿੱਲੀ ਨਹੀਂ ਜਾ ਸਕਦਾ।” ਟਿਕੈਤ ਨੇ ਕਿਹਾ, “ਅਸੀਂ ਆਪਣੀ ਟਰਾਲੀ ਜੋ ਇੱਥੇ ਖੜੀ ਸੀ, ਉਸ ਨੂੰ ਹਟਾ ਦਿੱਤਾ, ਇਸਨੂੰ ਖਾਲੀ ਕਰ ਦਿੱਤਾ। ਹੁਣ ਸੜਕ ਦਿਖਾਈ ਦੇ ਰਹੀ ਹੈ। ਸਾਡੇ ਪਾਸੇ ਤੋਂ ਕੋਈ ਰਸਤਾ ਬੰਦ ਨਹੀਂ ਹੈ ਸਾਡਾ ਰਸਤਾ ਸਾਫ ਹੈ, ਕੋਈ ਵੀ ਜਿੱਥੇ ਵੀ ਜਾਣਾ ਚਾਹੁੰਦਾ ਹੈ ਜਾ ਸਕਦਾ ਹੈ।”
ਉੱਥੇ ਹੀ ਇਸ ਮਸਲੇ ‘ਤੇ ਬੀਕੇਯੂ ਨੇਤਾ ਧਰਮਿੰਦਰ ਮਲਿਕ ਨੇ ਕਿਹਾ, “ਕੁੱਝ ਸਮੇਂ ਤੋਂ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਗਾਜ਼ੀਪੁਰ ਸਰਹੱਦ ਖਾਲੀ ਕੀਤੀ ਜਾ ਰਹੀ ਹੈ। ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ। ਅਸੀਂ ਦਿਖਾ ਰਹੇ ਹਾਂ ਕਿ ਸੜਕ ਨੂੰ ਦਿੱਲੀ ਪੁਲਿਸ ਨੇ ਬੰਦ ਕੀਤਾ ਹੈ ਨਾ ਕਿ ਕਿਸਾਨਾਂ ਨੇ। ਗਾਜ਼ੀਪੁਰ ਸਰਹੱਦ ‘ਤੇ ਅੰਦੋਲਨ ਜਾਰੀ ਰਹੇਗਾ। ਅੰਦੋਲਨ ਵਾਪਿਸ ਲੈਣ ਦਾ ਕੋਈ ਫੈਸਲਾ ਨਹੀਂ ਹੈ।”