380 ਦਿਨ ਬੀਤ ਚੁੱਕੇ ਨੇ ਤੇ ਸੜਕਾਂ ਉੱਤੇ ਬਣਾਏ ਘਰਾਂ ਨੂੰ ਸਮੇਟਣ ਦਾ ਸਮਾਂ ਆ ਗਿਆ ਹੈ। ਇੱਕ ਸਾਲ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਜੋੜ ਕੇ ਇੱਕ ਵਾਰ ਫਿਰ ਉਸ ਖੇਤ ਵਿੱਚ ਜਾਈਏ ਜਿੱਥੇ ਸਾਡੀ ਇੱਕ ਨਵੀਂ ਸਵੇਰ ਹੁੰਦੀ ਹੈ। ਦਿੱਲੀ ਦੇ ਬਾਰਡਰਾਂ ਤੋਂ ਤੰਬੂ ਉੱਖੜਨੇ ਸ਼ੁਰੂ ਹੋ ਗਏ ਹਨ ਤੇ ਸਮਾਨ ਟਰੈਕਟਰ-ਟਰਾਲੀਆਂ ਵਿੱਚ ਭਰਿਆ ਜਾ ਰਿਹਾ ਹੈ। ਇੱਕ ਸਾਲ ਤੋਂ ਵੱਧ ਸਮੇਂ ਤੋਂ ਧਰਨੇ ‘ਤੇ ਬੈਠੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਮੁੜ ਚੱਲੇ ਨੇ। ਕਿਸਾਨਾਂ ਨੇ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਹੈ ਤੇ ਆਪਣੀ ਜਿੱਤ ਦਾ ਐਲਾਨ ਕਰਦਿਆਂ ਉਹ ਆਪੋ ਆਪਣੇ ਘਰਾਂ ਵੱਲ ਨੂੰ ਤੁਰ ਪਏ ਨੇ।
ਕਿਸਾਨ ਅੰਦੋਲਨ ਮੁਲਤਵੀ ਹੋ ਗਿਆ ਹੈ। ਭਰੋਸਾ ਹੈ ਕਿ ਹੁਣ ਫਿਰ ਸਾਡੀ ਰੋਟੀ ਦਾ ਸਵਾਲ ਹੀ ਨਹੀਂ ਹੋਵੇਗਾ। ਦਿੱਲੀ ਦੀਆਂ ਇਨ੍ਹਾਂ ਕੰਕਰੀਟ ਦੀਆਂ ਸੜਕਾਂ ‘ਤੇ ਸਾਨੂੰ ਫਿਰ ਕਦੇ ਆਪਣਾ ਪਿੰਡ ਨਹੀਂ ਵਸਾਉਣਾ ਪਵੇਗਾ। 26 ਨਵੰਬਰ 2020 ਤੋਂ 11 ਦਸੰਬਰ 2021 ਤੱਕ ਦੀ ਪੂਰੀ ਕਹਾਣੀ… ਕਿਸਾਨਾਂ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜਦੋਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਣ ਲਈ ਕਿਹਾ ਗਿਆ, ਤਾਂ ਸਮਝ ਨਹੀਂ ਆਈ ਕਿ ਰਹਾਂਗੇ ਕਿੱਥੇ, ਕੀ ਹੋਵੇਗਾ, ਕਿਸ ਤਰ੍ਹਾਂ ਦਾ ਅੰਦੋਲਨ ? ਪਰ ਅਸੀਂ ਇੰਨਾ ਸਮਝ ਲਿਆ ਕਿ ਇਹ ਸਾਡੀ ਖੇਤੀ ਦੀ ਗੱਲ ਹੈ, ਜਿਸ ਨਾਲ ਸਾਡਾ ਘਰ-ਸੰਸਾਰ ਚਲਦਾ ਹੈ। ਜਦੋਂ ਗੱਲ ਸਮਝ ਆਈ ਤਾਂ ਕਿਸਾਨ ਪੰਜਾਬ-ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਸਮਾਨ ਲੈ ਕੇ ਨਿਕਲ ਪਏ। ਆਪੋ-ਆਪਣੇ ਪਾਸਿਓਂ ਆ ਕੇ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਬੈਠ ਗਏ। ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਤੇ । ਸੱਚ ਦੱਸੀਏ ਤਾਂ ਜਦੋਂ ਘਰੋਂ ਬਾਹਰ ਆਏ ਤਾਂ ਲੱਗਿਆ ਕਿ ਇਹ ਦੋ-ਚਾਰ ਦਿਨਾਂ ਜਾਂ ਹਫ਼ਤਿਆਂ ਦੀ ਗੱਲ ਹੈ। ਪਰ ਲੜਾਈ ਲੰਬੀ ਸੀ। ਅੱਜ ਇਸ ਸੜਕ ‘ਤੇ ਕਿਸਾਨਾਂ ਦੀ ਦੂਜੀ ਸਰਦੀ ਹੈ।
ਕਿਸਾਨਾਂ ਨੇ ਸੜਕਾਂ ਦੀ ਨੁਹਾਰ ਬਦਲ ਦਿੱਤੀ। ਇਹ ਸਾਡੇ ਹੱਕਾਂ ਦੀ ਲੜਾਈ ਸੀ। ਪੰਜਾਬ ਦੇ ਪਸੀਨੇ ਨੇ ਸੜਕ ‘ਤੇ ਰਸੋਈ ਬਣਾ ਦਿੱਤੀ। ਗੁਰੂ ਦੀ ਕਿਰਪਾ ਸੀ, ਲੰਗਰ ਦਾ ਸਹਾਰਾ ਸੀ। ਇੱਕ ਲਹਿਰ ਦਾ ਬੀਜ ਦਿੱਲੀ ਦੀਆਂ ਸਰਹੱਦਾਂ ‘ਤੇ ਪਹਿਲਾਂ ਹੀ ਬੀਜਿਆ ਜਾ ਚੁੱਕਾ ਸੀ। ਇਹ ਅੰਦੋਲਨ ਦੇਸ਼ ਵਿੱਚ ਖੇਤੀ ਦੀ ਪਰਿਭਾਸ਼ਾ ਨੂੰ ਬਦਲਣ ਵਾਲਾ ਸੀ। ਖੇਤਾਂ ਦੀ ਹਰਿਆਲੀ ‘ਚ ਰਹਿਣ ਵਾਲਾ ਕਿਸਾਨ ਹੁਣ ਦਿੱਲੀ ਦੀ ਧੂੜ ਅਤੇ ਕਾਰਾਂ ਦੇ ਧੂੰਆਂ ‘ਚ ਰਹਿਣ ਲੱਗ ਪਿਆ ਸੀ। ਇਹ ਕਿਸਾਨਾਂ ਦੇ ਹੌਂਸਲੇ ਅਤੇ ਸਬਰ ਦਾ ਇਮਤਿਹਾਨ ਸੀ। ਖੇਤ ਬਿਜਾਈ ਨੂੰ ਉਡੀਕ ਰਹੇ ਸਨ, ਟਰੈਕਟਰ ਖੜ੍ਹੇ ਰਹਿ ਗਏ ਸਨ। ਪਹਿਲਾਂ ਦਿਨ, ਫਿਰ ਹਫ਼ਤੇ ਅਤੇ ਹੁਣ ਮਹੀਨੇ ਤੋਂ ਬਾਅਦ ਕਿ ਮਹੀਨੇ ਲੰਘ ਰਹੇ ਸਨ। ਗੋਲ-ਗੋਲ ਗੱਲਾਂ ਹੋ ਰਹੀਆਂ ਸਨ। ਨਤੀਜੇ ਵਜੋਂ ਕੁੱਝ ਵੀ ਸਾਹਮਣੇ ਨਹੀਂ ਆ ਰਿਹਾ ਸੀ। ਨਿਰਾਸ਼ਾ ਨੇ ਘੇਰ ਲਿਆ ਸੀ। ਸਮਝ ਨਹੀਂ ਆ ਰਿਹਾ ਸੀ ਕਿ ਸਾਡੇ ਨੇਤਾਵਾਂ ‘ਤੇ ਭਰੋਸਾ ਕੀਤਾ ਜਾਵੇ ਜਾਂ ਸਰਕਾਰ ਦੇ ਬਿਆਨਾਂ ‘ਤੇ।
ਦਿੱਲੀ ‘ਚ ਕਿਸਾਨਾਂ ਨੇ ਰਾਜਨੀਤੀ ਦੇਖੀ ਅਤੇ ਇਸ ਦੇ ਨਿਕਾਬ ਉਤਾਰਨੇ ਸਿੱਖ ਲਏ। ਰਾਜਨੀਤੀ ਨੇ ਕਿਸਾਨਾਂ ਨੂੰ ਸਬਰ ਕਰਨਾ ਸਿਖਾਇਆ। ਕਦੇ ਸਾਨੂੰ ਠੱਗੇ ਜਾਣ ਦਾ ਅਹਿਸਾਸ ਹੁੰਦਾ ਤੇ ਕਦੇ ਅਸੀਂ ਸਰਕਾਰ ਤੋਂ ਕਾਫੀ ਨਾਰਾਜ਼ ਹੋ ਜਾਂਦੇ। ਪੰਜਾਬ ਹਰਿਆਣਾ ਤੋਂ ਨੌਜਵਾਨ, ਬਜ਼ੁਰਗ, ਔਰਤਾਂ ਦੇ ਜੱਥੇ ਆਏ ਸੀ। ਨਤੀਜਿਆਂ ਤੋਂ ਬਿਨਾਂ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਸਰਦੀਆਂ ਲੰਘਦਿਆਂ ਹੀ ਕਰੋਨਾ ਨੇ ਹਮਲਾ ਕਰ ਦਿੱਤਾ। ਸਾਡਾ ਮੁੱਦਾ ਸਰਕਾਰ ਦੀ ਤਰਜੀਹੀ ਸੂਚੀ ਤੋਂ ਬਾਹਰ ਹੈ। ਸਾਡਾ ਅੰਦੋਲਨ ਜਾਰੀ ਰਿਹਾ, ਪਰ ਸਾਡੇ ਚਿਹਰੇ ਉਤਰ ਜਾਂਦੇ। ਬਾਂਸ ਅਤੇ ਤਰਪਾਲ ਦੇ ਬਣੇ ਤੰਬੂਆਂ ਵਿੱਚ, ਅਸੀਂ ਇੱਕ ਅਨਿਸ਼ਚਿਤ ਭਵਿੱਖ ਦੀ ਕਲਪਨਾ ਕੀਤੀ।
ਤਕਰੀਬਨ 13 ਮਹੀਨੇ… ਸਾਢੇ ਤਿੰਨ ਸੌ ਤੋਂ ਵੱਧ ਦਿਨ ਅਤੇ ਰਾਤਾਂ। ਇਹ ਉਹ ਸਮਾਂ ਸੀ ਜੋ ਕਿਸਾਨਾਂ ਨੇ ਸੜਕ ‘ਤੇ ਬਿਤਾਇਆ ਸੀ। ਕਰੋਨਾ ਦਾ ਪਰਛਾਵਾਂ, ਤੇਜ਼ ਧੁੱਪ ਅਤੇ ਇਸ ਵਾਰ ਦਿੱਲੀ ਦੀ ਬਾਰਿਸ਼ ਸਾਡੇ ‘ਤੇ ਖਾਸ ਮਿਹਰਬਾਨੀ ਕਰ ਰਹੀ ਸੀ। ਅਸੀਂ ਸਾਰੇ ਦੁੱਖ ਝੱਲੇ। ਸਰਦੀਆਂ ਵਿੱਚ ਸੜਕਾਂ ਦਾ ਬਿਸਤਰਾ ਬਹੁਤ ਠੰਡਾ ਹੋ ਜਾਂਦਾ… ਧੁੰਦ ਪਾਣੀ ਦੀ ਬੂੰਦ ਬਣ ਕੇ ਤੰਬੂ ਵਿੱਚੋਂ ਟਪਕਣ ਲੱਗ ਜਾਂਦੀ ਅਤੇ ਹੇਠਾਂ ਸੁੱਤਾ ਹੋਇਆ ਕਿਸਾਨ ਆਪਣੇ ਕੰਬਲ ਵਿੱਚ ਹੋਰ ਵੀ ਸੁੰਗੜ ਕੇ ਸੌਂ ਜਾਂਦਾ। ਕਈ ਵਾਰ ਸਵੇਰੇ ਦਿੱਲੀ ਦੀਆਂ ਗਲੀਆਂ ਵਿੱਚ ਸੈਰ ਕਰਨ ਜਾਂਦੇ ਤਾਂ ਕੋਨੇ ਦੇ ਕਮਰੇ ਵਿੱਚੋਂ ਆਉਂਦੀ ਗਰਮ ਰੋਟੀਆਂ ਦੀ ਮਹਿਕ ਸਾਨੂੰ ਆਪਣੇ ਕਣਕ ਦੇ ਖੇਤ ਦੀ ਯਾਦ ਦਿਵਾ ਦਿੰਦੀ ਸੀ। ਗਰਮੀਆਂ ਵਿੱਚ, ਸਾਡਾ ਹਰ ਡੇਰਾ ਸੂਰਜ ਦੀ ਚਮਕਦਾਰ ਰੌਸ਼ਨੀ ਨਾਲ ਤਪਸ਼ ਮਾਰਦਾ। ਕੁੱਝ ਕਿਸਾਨਾਂ ਨੇ ਤਾਂ ਆਪਣੇ ਤੰਬੂ ਵਿੱਚ ਏ.ਸੀ ਦਾ ਪ੍ਰਬੰਧ ਵੀ ਕਰ ਲਿਆ ਸੀ। ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਪੱਖਿਆਂ ਅਤੇ ਕੂਲਰਾਂ ਨਾਲ ਗਰਮੀ ਨੂੰ ਦਿੱਤੀ ਮਾਤ।
ਪਰ ਹੁਣ ਜਦੋਂ ਦਿੱਲੀ ਵਿੱਚ ਕੜਾਕੇ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ, ਉਸ ਤੋਂ ਪਹਿਲਾਂ ਹੀ ਇੱਥੋਂ ਵਾਪਸੀ ਦੀ ਚੰਗੀ ਖ਼ਬਰ ਹੈ। ਟੈਂਟਾਂ ਤੋਂ ਤਰਪਾਲਾਂ ਉਤਾਰੀਆਂ ਜਾ ਰਹੀਆਂ ਹਨ, ਪਲਾਸਟਿਕ ਦੀਆਂ ਚਾਦਰਾਂ ਖੋਲ੍ਹੀਆਂ ਜਾ ਰਹੀਆਂ ਹਨ। ਸੜਕਾਂ ਫਿਰ ਰਸਤੇ ਬਣਨ ਲਈ ਤਿਆਰ ਹਨ। ਪਰ ਅੰਦੋਲਨ, ਤਬਦੀਲੀ ਅਤੇ ਸਮੂਹਿਕ ਤਾਕਤ ਦੀ ਜੋ ਕਹਾਣੀ ਇੱਥੇ ਲਿਖੀ ਗਈ ਹੈ, ਉਸ ਦਾ ਜ਼ਿਕਰ ਹਰ ਜਮਹੂਰੀ ਲਹਿਰ ਵਿੱਚ ਕੀਤਾ ਜਾਵੇਗਾ।
ਕੁੱਝ ਅਜਿਹੇ ਨੇ ਵਾਪਸੀ ਦੌਰਾਨ ਕਿਸਾਨਾਂ ਦੇ ਜਜ਼ਬਾਤ। ਅਖੀਰ 1 ਸਾਲ ਤੋਂ ਜਿਆਦਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਆਖਰ ਕਿਸਾਨ ਅੱਜ ਵਾਪਿਸ ਆਪਣੇ ਪਿੰਡਾਂ ਤੇ ਘਰਾਂ ਨੂੰ ਪਰਤ ਰਹੇ ਨੇ। ਸਰਦ ਰੁੱਤ ਸੈਸ਼ਨ ਸ਼ੁਰੂ ਹੁੰਦੇ ਹੀ ਸਰਕਾਰ ਨੇ ਵਾਅਦੇ ਮੁਤਾਬਿਕ ਬਿੱਲ ਸੰਸਦ ਵਿੱਚ ਲਿਆਂਦਾ ਅਤੇ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਸੰਸਦ ਵਿੱਚ ਪਾਸ ਕਰ ਦਿੱਤਾ । ਜਿਵੇਂ ਹੀ ਇਸ ਬਿੱਲ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮਨਜ਼ੂਰੀ ਮਿਲੀ ਇੱਕ ਸਾਲ ਤੱਕ ਸਿਆਸੀ ਹੰਗਾਮੇ ਦਾ ਵੀ ਕਾਰਨ ਬਣੇ ਖੇਤੀ ਕਾਨੂੰਨ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਏ।