ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਜੋ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਉਸ ਵਿੱਚ ਜਿੱਤ ਮਿਲਣ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ੁੱਕਰਵਾਰ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਸਦਕਾ ਕਿਸਾਨ ਮੋਰਚੇ ਵਿੱਚ ਜਿੱਤ ਮਿਲੀ ਹੈ। ਮੋਰਚੇ ਨੂੰ ਸਫਲ ਢੰਗ ਨਾਲ ਚਲਾਉਣ ਵਿੱਚ ਮੋਰਚੇ ਦੀ ਲੀਡਰਸ਼ਿਪ ਤੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਦੇ ਦ੍ਰਿੜ੍ਹ ਹੌਂਸਲੇ ਨੇ ਇਸ ਮੋਰਚੇ ਨੂੰ ਸਫਲ ਕੀਤਾ ਹੈ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਰਾਕੇਸ਼ ਟਿਕੈਤ ਨੇ ਅੰਦੋਲਨ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਤੇ ਹੋਰ ਗੁਰੂਘਰਾਂ ਵੱਲੋਂ ਦਿੱਤੇ ਗਏ ਯੋਗਦਾਨ ਸਹਿਯੋਗ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮੋਰਚੇ ਕਾਰਨ ਦਿੱਲੀ ਦੇ ਲੋਕਾਂ ਨੂੰ ਦਰਪੇਸ਼ ਆਈਆਂ ਮੁਸ਼ਕਿਲਾਂ ਲਈ ਮੋਰਚੇ ਵੱਲੋਂ ਮੁਆਫੀ ਮੰਗੀ ਤੇ ਨਾਲ ਹੀ ਉਨ੍ਹਾਂ ਵੱਲੋਂ ਤੇ ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਮੋਰਚੇ ਨੂੰ ਦਿੱਤੇ ਯੋਗਦਾਨ ਲਈ ਧੰਨਵਾਦ ਕੀਤਾ।