ਬੀਤੇ ਦਿਨੀ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਸੀ, ਜਿੱਥੇ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਪਲਟ ਗਈ ਸੀ। ਇਸ ਹਾਦਸੇ ‘ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਜਦਕਿ 15-20 ਬੱਚੇ ਗੰਭੀਰ ਜ਼ਖਮੀ ਹੋ ਗਏ ਸਨ। ਉੱਥੇ ਹੀ ਹੁਣ ਇਸ ਹਾਦਸੇ ਮਗਰੋਂ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਐੱਸਐੱਸਪੀਜ਼ ਤੇ ਪੁਲਿਸ ਕਮਿਸ਼ਨਰਾਂ ਨੂੰ 20 ਦਿਨਾਂ ਦੇ ਅੰਦਰ ਸਾਰੇ ਪੰਜਾਬ ਦੇ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵਾਹਨ ਨਿਯਮਾਂ ਨੂੰ ਪੂਰਾ ਨਹੀਂ ਕਰਦੇ, ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇ। ਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਈਦ ਦੀ ਛੁੱਟੀ ਦੇ ਬਾਵਜੂਦ ਹਰਿਆਣਾ ਦੇ ਮਹੇਂਦਰਗੜ੍ਹ ‘ਚ ਸਕੂਲ ਖੋਲ੍ਹਿਆ ਗਿਆ ਸੀ।
ਦੱਸ ਦੇਈਏ ਕਿ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜੋ ਕਾਫੀ ਭਿਆਨਕ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਖੁੱਲ੍ਹੇ ਰਹੇ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਸੂਚਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਮੀਡੀਆ ਰਿਪੋਰਟਾਂ ਵਿੱਚ ਹਾਦਸੇ ਦਾ ਕਾਰਨ ਓਵਰਟੇਕ ਦੱਸਿਆ ਜਾ ਰਿਹਾ ਹੈ।