ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਭਾਵੇਂ ਇਸ ਸੰਸਾਰ ਤੋਂ ਗਏ ਕਈ ਮਹੀਨੇ ਬੀਤ ਗਏ ਨੇ ਪਰ ਖਾਸ ਗੱਲ ਇਹ ਹੈ ਕਿ ਹਾਲੇ ਤੱਕ ਸਿੱਧੂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਖ਼ਾਸ ਕਰਕੇ ਉਹ ਲੋਕ ਸਿੱਧੂ ਨੂੰ ਕਦੇ ਨਹੀਂ ਭੁੱਲ ਸਕਦੇ, ਜੋ ਮੂਸੇਵਾਲੇ ਦੇ ਬੇਹੱਦ ਕਰੀਬ ਰਹੇ ਸਨ। ਅਜਿਹੇ ਹੀ ਖ਼ਾਸ ਲੋਕਾਂ ‘ਚੋਂ ਇੱਕ ਹੈ ਪੰਜਾਬੀ ਗਾਇਕਾ ਅਫਸਾਨਾ ਖ਼ਾਨ। ਅਫਸਾਨਾ ਰੋਜ਼ਾਨਾ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ। ਸਿੱਧੂ ਅਫਸਾਨਾ ਦੇ ਵਿਆਹ ‘ਚ ਵੀ ਸ਼ਾਮਿਲ ਹੋਇਆ ਸੀ। ਗਾਇਕਾ ਅਫਸਾਨਾ ਖ਼ਾਨ ਵੀ ਅਕਸਰ ਹੀ ਆਪਣੇ ਭਰਾ ਸਿੱਧੂ ਮੂਸੇਵਾਲਾ ਨਾਲ ਬਿਤਾਏ ਖ਼ੂਬਸੂਰਤ ਪਲਾਂ ਨੂੰ ਵੀਡੀਓ ਦੇ ਰੂਪ ‘ਚ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਗਾਇਕਾ ਨੇ ਇੱਕ ਹੋਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।
ਦਰਅਸਲ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਅਫ਼ਸਾਨਾ ਖਾਨ ਮੂਸੇਵਾਲਾ ਦੇ ਘਰ ਪਹੁੰਚਦੀ ਹੈ, ਉਹ ਬੜੇ ਪਿਆਰ ਨਾਲ ਮੂਸੇਵਾਲਾ ਦੀ ਮੰਮੀ ਨੂੰ ਮਿਲਦੀ ਹੈ, ਪਰ ਉਹ ਮੂਸੇਵਾਲਾ ਦੇ ਰੱਖੇ ਪਾਲਤੂ ਕੁੱਤਿਆਂ ਨੂੰ ਦੇਖ ਕੇ ਡਰ ਜਾਂਦੀ ਹੈ। ਦਰਅਸਲ, ਇਹ ਵੀਡੀਓ ਉਦੋਂ ਦੀ ਹੈ ਜਦੋਂ ਅਫਸਾਨਾ ਖ਼ਾਨ ਵਿਆਹ ਤੋਂ ਬਾਅਦ ਮੂਸੇਵਾਲਾ ਦੇ ਘਰ ਗਈ। ਉਹ ਬੜੇ ਪਿਆਰ ਨਾਲ ਮੂਸੇਵਾਲਾ ਦੀ ਮੰਮੀ ਨੂੰ ਮਿਲੀ ਪਰ ਉਹ ਮੂਸੇਵਾਲਾ ਦੇ ਕੁੱਤੇ ਨੂੰ ਭੌਂਕਦਾ ਦੇਖ ਡਰ ਗਈ। ਜਦੋਂ ਪਰਿਵਾਰ ਨੇ ਕਿਹਾ ਕਿ ਉਹ ਕੁੱਝ ਨਹੀਂ ਕਹਿੰਦਾ ਤਾਂ ਇਸ ਤੇ ਅਫਸਾਨਾ ਨੇ ਜਵਾਬ ਦਿੱਤਾ ਕਿ ਉਹ ਤਾਂ ਡਰਪੋਕ ਹੈ। ਇਸ ਤੋਂ ਬਾਅਦ ਵੀਡੀਓ ‘ਚ ਸਿੱਧੂ ਮੂਸੇਵਾਲਾ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ। ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦੇਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ। ਉੱਥੇ ਹੀ ਕਈ ਕਲਾਕਾਰਾਂ ਦੇ ਵੱਲੋਂ ਵੀ ਸਿੱਧੂ ਦੇ ਲਈ ਅਵਾਜ ਬੁਲੰਦ ਕੀਤੀ ਜਾ ਰਹੀ ਹੈ। ਤੁਹਾਨੂੰ ਅਫਸਾਨਾ ਖਾਨ ਦੀ ਇਹ ਵੀਡੀਓ ਕਿਵੇਂ ਲੱਗੀ ਇਸ ਬਾਰੇ ਆਪਣੇ ਵਿਚਾਰ ਜਰੂਰੁ ਸਾਂਝੇ ਕਰਨਾ।