ਅਫਰੀਕੀ ਦੇਸ਼ ਕਾਂਗੋ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਇੱਥੇ ਵਿਸਥਾਪਿਤ ਲੋਕਾਂ ਦੇ ਕੈਂਪ ‘ਤੇ ਹਮਲਾ ਕੀਤਾ ਹੈ। ਜਿਸ ਵਿੱਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਮੀਡੀਆਂ ਰਿਪੋਰਟਾਂ ਅਨੁਸਾਰ ਘਟਨਾ ਦੇਸ਼ ਦੇ ਅਸ਼ਾਂਤ ਇਟੂਰੀ ਸੂਬੇ ਦੀ ਹੈ। ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਹੈ। ਇੱਥੇ ਮਈ 2021 ਤੋਂ ਸਰਕਾਰ ਨੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਸੂਬਾ ਖਣਿਜਾਂ ਨਾਲ ਭਰਪੂਰ ਹੈ ਅਤੇ ਹਥਿਆਰਬੰਦ ਸਮੂਹ ਇੱਥੇ ਖੁੱਲ੍ਹੇਆਮ ਘੁੰਮਦੇ ਹਨ।
ਇਨ੍ਹਾਂ ਦਾ ਮੁਕਾਬਲਾ ਕਰਨ ਲਈ ਸੂਬੇ ਵਿੱਚ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਇਲਾਕੇ ‘ਚ ਹਿੰਸਾ ‘ਤੇ ਨਜ਼ਰ ਰੱਖਣ ਵਾਲੇ ਕਿਵੂ ਸੁਰੱਖਿਆ ਟਰੈਕਰ ਨੇ ਟਵਿੱਟਰ ‘ਤੇ ਕਿਹਾ, ”ਬੀਤੀ ਰਾਤ ਜੁਗੂ ਖੇਤਰ ਦੇ ਪਲੇਨ ਸਾਵੋ ‘ਚ ਤੇਜ਼ਧਾਰ ਹਥਿਆਰਾਂ ਕਾਰਨ ਘੱਟੋ-ਘੱਟ 60 ਨਾਗਰਿਕਾਂ ਦੀ ਮੌਤ ਹੋ ਗਈ।” ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਕੇਐਸਟੀ ਦਾ ਕਹਿਣਾ ਹੈ ਕਿ ਕੋਡੇਕੋ, ਭਾਵ ਸਥਾਨਕ ਵਿਦਰੋਹੀਆਂ ਦੇ ਇੱਕ ਸਮੂਹ ਨੂੰ ਇਸ ਹਮਲੇ ਪਿੱਛੇ ਮੰਨਿਆ ਜਾਂ ਰਿਹਾ ਹੈ।
ਕਾਂਗੋ ‘ਚ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਹੈ, ਸਗੋਂ ਇਸ ਤੋਂ ਪਹਿਲਾਂ ਕ੍ਰਿਸਮਸ ਦੇ ਸਮੇਂ ਵੀ ਲੋਕਾਂ ‘ਤੇ ਹਮਲਾ ਹੋਇਆ ਸੀ। ਇੱਕ ਹਮਲਾਵਰ ਨੇ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਬੰਬ ਧਮਾਕੇ ਤੋਂ ਬਾਅਦ ਜ਼ਬਰਦਸਤ ਗੋਲੀਬਾਰੀ ਵੀ ਹੋਈ ਸੀ।