ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਇੱਕ ਵਾਰ ਫਿਰ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਤਾਲਿਬਾਨ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਸਾਰੀਆਂ ਐਨਜੀਓਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਔਰਤਾਂ ਤੋਂ ਕੰਮ ਨਾ ਕਰਵਾਉਣ। ਐਨਜੀਓ ਉਨ੍ਹਾਂ ਨੂੰ ਕੰਮ ‘ਤੇ ਆਉਣ ਦੀ ਆਗਿਆ ਨਾ ਦੇਣ। ਰਾਊਟਰ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ। ਇਹ ਹੁਕਮ ਦੇਸ਼ ਦੇ ਅਰਥਚਾਰੇ ਦੇ ਮੰਤਰੀ ਦੇ ਪੱਤਰ ਵਿੱਚ ਜਾਰੀ ਕੀਤਾ ਗਿਆ ਹੈ। ਪੱਤਰ ‘ਚ ਲਿਖਿਆ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਕਿਸੇ ਵੀ ਔਰਤ ਨੂੰ ਕੰਮ ‘ਤੇ ਜਾਣ ਦੀ ਇਜਾਜਤ ਨਹੀਂ ਹੈ।
ਇਸ ਦਾ ਕਾਰਨ ਤਾਲਿਬਾਨ ਵੱਲੋਂ ਇਹ ਦੱਸਿਆ ਗਿਆ ਹੈ ਕਿ ਕੁਝ ਔਰਤਾਂ ਇਸਲਾਮ ਮੁਤਾਬਿਕ ਸਰਕਾਰ ਵੱਲੋਂ ਦਿੱਤੇ ਡਰੈੱਸ ਕੋਡ ਦਾ ਸਹੀ ਢੰਗ ਨਾਲ ਪਾਲਣ ਨਹੀਂ ਕਰ ਰਹੀਆਂ ਹਨ। ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਤਾਲਿਬਾਨ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਯੂਨੀਵਰਸਿਟੀਆਂ ‘ਚ ਔਰਤਾਂ ਦੀ ਪੜ੍ਹਾਈ ‘ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਤਾਲਿਬਾਨ ਦੇ ਇਸ ਕਦਮ ਦੀ ਵਿਸ਼ਵ ਪੱਧਰ ‘ਤੇ ਆਲੋਚਨਾ ਹੋਈ ਸੀ। ਇਸ ਹੁਕਮ ਦੇ ਬਾਅਦ ਕਈ ਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ। ਇਸ ਕਦਮ ਦੀ ਅਫਗਾਨਿਸਤਾਨ ਵਿੱਚ ਵੀ ਨਿੰਦਾ ਕੀਤੀ ਗਈ ਸੀ।