ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੁਨੀਆ ਨੂੰ ਪਹਿਲਾ ਵੱਡਾ ਝੱਟਕਾ ਲੱਗਿਆ ਹੈ। ਵੀਰਵਾਰ ਨੂੰ ਦੇਰ ਸ਼ਾਮ ਕਾਬੁਲ ਹਵਾਈ ਅੱਡੇ ‘ਤੇ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹੋਏ ਹਨ। ਧਮਾਕੇ ਤੋਂ ਬਾਅਦ ਆਈਆਂ ਕਾਬੁਲ ਦੀਆਂ ਤਸਵੀਰਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਤਾਲਿਬਾਨੀ ਸ਼ਾਸਨ ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਅਮਰੀਕੀ ਮੀਡੀਆ ਦੇ ਅਨੁਸਾਰ ਕਾਬੁਲ ਏਅਰਪੋਰਟ ਉੱਤੇ ਹੋਏ ਹਮਲੇ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ 13 ਅਮਰੀਕੀ ਫੌਜ ਦੇ ਸਿਪਾਹੀ ਹਨ, ਜਦਕਿ 90 ਤੋਂ ਵੱਧ ਅਫਗਾਨ ਨਾਗਰਿਕ ਹਨ। ਇਹ ਗਿਣਤੀ ਅਜੇ ਹੋਰ ਵੀ ਵੱਧ ਸਕਦੀ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਅੱਤਵਾਦੀ ਹਮਲਾ ਉਸ ਸਮੇਂ ਹੋਇਆ ਜਦੋਂ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਨੇ ਵੀਰਵਾਰ ਸਵੇਰੇ ਹੀ ਆਪਣੇ ਨਾਗਰਿਕਾਂ ਨੂੰ ਇਸ ਬਾਰੇ ਚਿਤਾਵਨੀ ਦਿੱਤੀ ਸੀ। ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਚਲੇ ਜਾਣ ਲਈ ਕਿਹਾ ਸੀ, ਕਿਉਂਕਿ ਉੱਥੇ ਅੱਤਵਾਦੀ ਹਮਲੇ ਦਾ ਖਤਰਾ ਸੀ। ਇਸ ਚਿਤਾਵਨੀ ਦੇ ਕੁੱਝ ਘੰਟਿਆਂ ਬਾਅਦ ਕਾਬੁਲ ਹਵਾਈ ਅੱਡੇ ‘ਤੇ ਅਜਿਹਾ ਭਿਆਨਕ ਹਮਲਾ ਹੋਇਆ। ਉੱਥੇ ਹੀ ਅਮਰੀਕਾ ਨੇ ਇਸ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀਆਂ ਨੂੰ ਇਸ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ। ਪਿਛਲੇ ਦਿਨ ਹੋਏ ਹਮਲੇ ਦੇ ਤੁਰੰਤ ਬਾਅਦ, ਯੂਐਸ ਦੇ ਰਾਸ਼ਟਰਪਤੀ ਜੋ ਬਾਇਡੇਨ ਵ੍ਹਾਈਟ ਹਾਊਸ ਦੇ ਸਿਚੁਏਸ਼ਨ ਰੂਮ ਪਹੁੰਚੇ, ਜਿੱਥੋਂ ਉਹ ਲਗਾਤਾਰ ਹਰ ਗਤੀਵਿਧੀ ਦੀ ਨਿਗਰਾਨੀ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 20 ਸਾਲਾਂ ਵਿੱਚ ਅਮਰੀਕੀ ਫੌਜ ਉੱਤੇ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ।
ਧਮਾਕੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਸਖਤ ਰੁਖ ਅਪਣਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇਸ ਹਮਲੇ ਤੋਂ ਬਾਅਦ ਸਹੁੰ ਖਾਧੀ ਹੈ ਕਿ ਅਮਰੀਕੀ ਫ਼ੌਜ ਇਸ ਹਮਲੇ ਵਿੱਚ ਸ਼ਾਮਿਲ ਅੱਤਵਾਦੀ ਸਮੂਹ ਦੇ ਵਿਰੁੱਧ ਇੱਕ ਵਾਰ ਫਿਰ ਹਮਲੇ ਤੇਜ਼ ਕਰੇਗੀ । ਵ੍ਹਾਈਟ ਹਾਊਸ ਤੋਂ ਬੋਲਦਿਆਂ ਬਾਇਡੇਨ ਨੇ ਕਿਹਾ ਇਸ ਹਮਲੇ ਦੇ ਦੋਸ਼ੀਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਮੁਆਫ ਨਹੀਂ ਕਰਾਂਗੇ । ਅਸੀਂ ਇਨ੍ਹਾਂ ਧਮਾਕਿਆਂ ਨੂੰ ਕਦੇ ਨਹੀਂ ਭੁੱਲਾਂਗੇ ਅਤੇ ਅਸੀਂ ਉਨ੍ਹਾਂ ਨੂੰ ਲੱਭ-ਲੱਭ ਕੇ ਮਾਰਾਂਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਹਨ ਜਿਸ ਨੂੰ ਜਾਣਨ ਤੋਂ ਬਾਅਦ ਸਾਨੂੰ ਵਿਸ਼ਵਾਸ ਹੋ ਗਿਆ ਹੈ ਕਿ ਉਨ੍ਹਾਂ ਹਮਲਿਆਂ ਵਿੱਚ ISIS ਨੇਤਾਵਾਂ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਨੇ ਕਾਬੁਲ ਵਿੱਚ ਹਮਲੇ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਵੱਡੇ ਫੌਜੀ ਅਭਿਆਨ ਦੇ ਬਿਨ੍ਹਾਂ ਉਨ੍ਹਾਂ ਸਾਰੇ ਅੱਤਵਾਦੀਆਂ ਨੂੰ ਲੱਭ ਸਕਦੇ ਹਾਂ। ਉਹ ਜਿੱਥੇ ਵੀ ਲੁਕੇ ਹੋਏ ਹੋਣ ਅਸੀਂ ਉਨ੍ਹਾਂ ਤੱਕ ਪਹੁੰਚ ਸਕਦੇ ਹਾਂ। ਬਾਇਡੇਨ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਫੌਜੀ ਕਮਾਂਡਰਾਂ ਨੂੰ ISIS ‘ਤੇ ਹਮਲੇ ਦੀ ਯੋਜਨਾ ‘ਤੇ ਕੰਮ ਕਰਨ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਜਿਸ ਜਗ੍ਹਾ ਨੂੰ ਚੁਣਦੇ ਹਾਂ, ਉੱਥੇ ਹੀ ਸਹੀ ਹਮਲੇ ਕਰਦੇ ਹਾਂ।
ਅੱਤਵਾਦੀ ਸੰਗਠਨ ਜਿਸਦੇ ਕੋਲ ਹੁਣ ਪੂਰੇ ਦੇਸ਼ ਦੀ ਕਮਾਂਡ ਹੈ, ਉਸ ਤਾਲਿਬਾਨ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਤਾਲਿਬਾਨ ਵੱਲੋਂ ਹਮਲੇ ਦੇ ਤੁਰੰਤ ਬਾਅਦ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਿਨ੍ਹਾਂ ਥਾਵਾਂ ‘ਤੇ ਇਹ ਹਮਲਾ ਹੋਇਆ, ਉੱਥੇ ਅਮਰੀਕੀ ਫੌਜ ਦਾ ਕੰਟਰੋਲ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਇਹ ਹਮਲਾ ਉਨ੍ਹਾਂ ਨੇ ਨਹੀਂ ਕੀਤਾ ਸੀ। ਤਾਲਿਬਾਨ ਦੇ ਇਸ ਅੱਤਵਾਦੀ ਹਮਲੇ ਪਿੱਛੇ ਆਈਐਸਆਈਐਸ ਦਾ ਹੱਥ ਦੱਸਿਆ ਹੈ, ਜੋ ਕਿ ਕੁੱਝ ਹੱਦ ਤੱਕ ਅਫਗਾਨਿਸਤਾਨ ਵਿੱਚ ਵੀ ਸਰਗਰਮ ਹੈ। ਤਾਲਿਬਾਨ ਦੇ ਸ਼ਾਸਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਜਿਹੇ ਅੱਤਵਾਦੀ ਸੰਗਠਨਾਂ ਦਾ ਉਤਸ਼ਾਹ ਵਧਿਆ ਹੈ ਅਤੇ ਹੁਣ ਇਸਦਾ ਪ੍ਰਭਾਵ ਵੀ ਦਿਖਾਈ ਦੇ ਰਿਹਾ ਹੈ।