ਅਫਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਵਾਰ ਫਿਰ ਬੰਬ ਧਮਾਕਾ ਹੋਇਆ ਹੈ। ਉਥੇ ਮੌਜੂਦ ਗੁਰਦੁਆਰੇ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਬਿਕ ਕਾਬੁਲ ਦੇ ਕਾਰਤੇ ਪਰਵਾਨ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਨੇੜੇ ਬੰਬ ਧਮਾਕਾ ਹੋਇਆ ਹੈ। ਪਿਛਲੇ ਮਹੀਨੇ 18 ਜੂਨ ਨੂੰ ਵੀ ਇਸ ਗੁਰਦੁਆਰਾ ਸਾਹਿਬ ‘ਚ ਬੰਬ ਧਮਾਕਾ ਹੋਇਆ ਸੀ, ਜਿਸ ‘ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ‘ਤੇ Indian World Forum ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਉਥੇ ਮੌਜੂਦ ਸਿੱਖ ਅਤੇ ਹਿੰਦੂ ਸਮਾਜ ਦੇ ਲੋਕ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਐੱਸ.) ਨੇ ਪਿਛਲੇ ਮਹੀਨੇ ਗੁਰੂਦੁਆਰਾ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਬਾਅਦ ਵਿੱਚ ਤਾਲਿਬਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਗੁਰਦੁਆਰੇ ਦਾ ਨਵੀਨੀਕਰਨ ਕਰਨਗੇ। ਅਫਗਾਨਿਸਤਾਨ ਵਿੱਚ ਅਗਸਤ 2021 ਤੋਂ ਤਾਲਿਬਾਨ ਦੀ ਸਰਕਾਰ ਹੈ। ਤਾਲਿਬਾਨ ਸਰਕਾਰ ਦੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਸਮੇਤ ਹੋਰ ਘੱਟ ਗਿਣਤੀ ਭਾਈਚਾਰਿਆਂ ‘ਤੇ ਹਮਲੇ ਵਧੇ ਹਨ। ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਵੀ ਅਫਗਾਨਿਸਤਾਨ ਵਿੱਚ ਕੁੱਲ 600 ਹਿੰਦੂ ਅਤੇ ਸਿੱਖ ਭਾਈਚਾਰਾ ਰਹਿ ਰਿਹਾ ਸੀ। ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਗਿਣਤੀ ਹੋਰ ਵੀ ਤੇਜ਼ੀ ਨਾਲ ਹੇਠਾਂ ਆ ਗਈ ਹੈ। ਉਥੋਂ ਕਈ ਲੋਕ ਭਾਰਤ ਆਏ ਹਨ।