ਅਫਗਾਨਿਸਤਾਨ ਨੇ ਵਿਸ਼ਵ ਕੱਪ 2023 ਵਿੱਚ ਇੱਕ ਹੋਰ ਹੈਰਾਨੀਜਨਕ ਜਿੱਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਹਸ਼ਮਤੁੱਲਾਹ ਸ਼ਾਹਿਦੀ ਦੀ ਕਪਤਾਨੀ ਵਾਲੀ ਟੀਮ ਨੇ ਬਾਬਰ ਆਜ਼ਮ ਦੀ ਪਾਕਿਸਤਾਨੀ ਟੀਮ ਨੂੰ ਹਰਾ ਕੇ ਇੱਕ ਵਾਰ ਫਿਰ ਉਲਟਫੇਰ ਕੀਤਾ ਹੈ। ਸੋਮਵਾਰ 23 ਅਕਤੂਬਰ ਨੂੰ ਚੇੱਨਈ ‘ਚ ਹੋਏ ਇਸ ਮੈਚ ‘ਚ ਅਫਗਾਨਿਸਤਾਨ ਨੇ ਆਪਣੀ ਸਪਿਨ ਦੀ ਤਾਕਤ ਦੀ ਬਜਾਏ ਆਪਣੀ ਜ਼ਬਰਦਸਤ ਅਤੇ ਚੁਸਤ ਬੱਲੇਬਾਜ਼ੀ ਨਾਲ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸਨਸਨੀ ਮਚਾ ਦਿੱਤੀ ਹੈ। ਅਫਗਾਨਿਸਤਾਨ ਨੇ ਪਹਿਲਾ ਨੂਰ ਅਹਿਮਦ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੂੰ 282 ਦੌੜਾਂ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ ਇਬਰਾਹਿਮੀ ਜ਼ਦਰਾਨ ਅਤੇ ਰਹਿਮਾਨੁੱਲਾ ਗੁਰਬਾਜ਼ ਦੀ ਧਮਾਕੇਦਾਰ ਓਪਨਿੰਗ ਸਾਂਝੇਦਾਰੀ ਦੇ ਦਮ ‘ਤੇ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਵਨਡੇ ਕ੍ਰਿਕਟ ‘ਚ ਪਹਿਲੀ ਵਾਰ ਹਰਾ ਦਿੱਤਾ।
ਐੱਮਏ ਚਿਦੰਬਰਮ ਸਟੇਡੀਅਮ ‘ਚ ਹੋਏ ਇਸ ਮੈਚ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਪਾਕਿਸਤਾਨ ਨੇ ਲਗਾਤਾਰ ਦੋ ਹਾਰਾਂ ਤੋਂ ਬਾਅਦ ਜਿੱਤ ਦੀ ਉਮੀਦ ਨਾਲ ਇਸ ਮੈਚ ‘ਚ ਪ੍ਰਵੇਸ਼ ਕੀਤਾ ਸੀ। ਹਾਲਾਂਕਿ ਉਹ ਅਫਗਾਨਿਸਤਾਨ ਦੇ ਖਤਰੇ ਤੋਂ ਵੀ ਜਾਣੂ ਸੀ। ਖਾਸ ਤੌਰ ‘ਤੇ ਪਾਕਿਸਤਾਨੀ ਟੀਮ ਅਤੇ ਪ੍ਰਸ਼ੰਸਕ ਅਫਗਾਨ ਸਪਿਨ ਨੂੰ ਲੈ ਕੇ ਡਰੇ ਹੋਏ ਸਨ। ਇਸ ਦੇ ਨਾਲ ਹੀ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਅਫਗਾਨਿਸਤਾਨ ਦਾ ਮਨੋਬਲ ਉੱਚਾ ਸੀ ਅਤੇ ਉਹ ਪਾਕਿਸਤਾਨ ਖਿਲਾਫ 8 ਵਨਡੇ ਮੈਚਾਂ ‘ਚ ਆਪਣੀ ਪਹਿਲੀ ਜਿੱਤ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰੇ ਹੋਏ ਸੀ। ਅੰਤ ‘ਚ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਡਰ ਨੂੰ ਸਹੀ ਸਾਬਿਤ ਕੀਤਾ ਪਰ ਮੁੱਖ ਤੌਰ ‘ਤੇ ਆਪਣੀ ਬੱਲੇਬਾਜ਼ੀ ਦੇ ਦਮ ‘ਤੇ ਇਹ ਜਿੱਤ ਦਰਜ ਕੀਤੀ।