[gtranslate]

ਅਫਗਾਨ ਮਹਿਲਾ ਨੇ ਅਮਰੀਕੀ ਫੌਜ ਦੇ ਜਹਾਜ਼ ‘ਚ ਦਿੱਤਾ ਬੱਚੀ ਨੂੰ ਜਨਮ, ਏਅਰ ਫੋਰਸ ਨੇ ਟਵੀਟ ਕਰ ਦਿੱਤੀ ਜਾਣਕਾਰੀ

ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨ ਨਾਗਰਿਕ ਨਿਰੰਤਰ ਦੇਸ਼ ਛੱਡ ਦੂਜੇ ਦੇਸ਼ਾ ਵੱਲ ਨੂੰ ਰੁੱਖ ਕਰ ਰਹੇ ਹਨ। ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਜਾਣਕਰੀ ਸਾਹਮਣੇ ਆਈ ਹੈ ਕਿ ਸ਼ਨੀਵਾਰ ਨੂੰ ਇੱਕ ਅਫਗਾਨ ਮਹਿਲਾ ਨੇ ਅਮਰੀਕੀ ਹਵਾਈ ਫੌਜ ਦੇ ਜਹਾਜ਼ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਇਹ ਜਹਾਜ਼ ਕਾਬੁਲ ਤੋਂ ਜਰਮਨੀ ਪਹੁੰਚਿਆ ਸੀ ਅਤੇ ਇੱਥੇ ਪਹੁੰਚਣ ਦੇ ਕੁੱਝ ਸਮੇਂ ਬਾਅਦ ਹੀ ਮਹਿਲਾ ਨੇ ਜਹਾਜ਼ ਵਿੱਚ ਹੀ ਇੱਕ ਬੱਚੀ ਨੂੰ ਜਨਮ ਦਿੱਤਾ। ਅਮਰੀਕੀ ਹਵਾਈ ਫੌਜ ਨੇ ਐਤਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਜਰਮਨੀ ਦੇ ਰਾਮਸਟੀਨ ਬੇਸ ‘ਤੇ ਉਤਰਨ ‘ਤੇ, ਅਮਰੀਕੀ ਫੌਜ ਦੇ ਮੈਡੀਕਲ ਸਟਾਫ ਨੇ ਜਹਾਜ਼ ਦੇ ਕਾਰਗੋ ਹੋਲਡ ਵਿੱਚ ਬੱਚੇ ਦੀ ਡਿਲਵਰੀ ਕਰਵਾਈ। ਫੌਜ ਨੇ ਆਪਣੇ ਟਵੀਟ ਵਿੱਚ ਕਿਹਾ, “ਇਸ ਤੋਂ ਬਾਅਦ ਮਾਂ ਅਤੇ ਬੱਚੇ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਜਿੱਥੇ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਅਮਰੀਕੀ ਫੌਜ ਨੇ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ, ਇੱਕ ਸਟਰੈਚਰ ‘ਤੇ ਪਈ ਇੱਕ ਅਫਗਾਨ ਮਹਿਲਾ ਨੂੰ ਫੌਜ ਦੇ ਜਵਾਨ ਜਹਾਜ਼ ਤੋਂ ਉਤਰਦੇ ਹੋਏ ਅਤੇ ਦੱਖਣ-ਪੱਛਮੀ ਜਰਮਨੀ ਦੇ ਬੇਸ ਕੈਂਪ ਵੱਲ ਲੈ ਕੇ ਜਾਂਦੇ ਹੋਏ ਦਿਖ ਰਹੇ ਹਨ।

ਆਪਣੇ ਟਵੀਟ ਵਿੱਚ, ਏਅਰ ਫੋਰਸ ਨੇ ਕਿਹਾ, “ਇੱਕ ਅਫਗਾਨ ਮਹਿਲਾ ਨੇ ਜਰਮਨੀ ਪਹੁੰਚਣ ਦੇ ਤੁਰੰਤ ਬਾਅਦ ਇੱਕ ਅਮਰੀਕੀ ਏਅਰ ਫੋਰਸ ਦੇ ਜਹਾਜ਼ ਵਿੱਚ ਬੇਟੀ ਨੂੰ ਜਨਮ ਦਿੱਤਾ।” ਇਸ ਦੇ ਨਾਲ ਹੀ, ਏਅਰ ਫੋਰਸ ਨੇ ਆਪਣੇ ਟਵੀਟ ਵਿੱਚ ਲਿਖਿਆ, “ਉਡਾਣ ਦੌਰਾਨ ਹੀ ਮਹਿਲਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ। ਜਹਾਜ਼ ਦੇ ਪਾਈਲਟ ਨੇ ਇਸ ਜਹਾਜ਼ ਨੂੰ ਘੱਟ ਉਚਾਈ ‘ਤੇ ਉਡਾਉਣ ਦਾ ਫੈਸਲਾ ਕੀਤਾ ਤਾਂ ਕਿ ਜਹਾਜ਼ ਵਿੱਚ ਹਵਾ ਦਾ ਦਬਾਅ ਵਧਾਇਆ ਜਾ ਸਕੇ। ਮਹਿਲਾ ਦੀ ਹਾਲਤ ਬਿਹਤਰ ਬਣਾਈ ਰੱਖਣ ਅਤੇ ਉਸਦੀ ਜਾਨ ਬਚਾਉਣ ਵਿੱਚ ਪਾਈਲਟ ਨੇ ਕਾਫੀ ਸਹਾਇਤਾ ਕੀਤੀ।”

Leave a Reply

Your email address will not be published. Required fields are marked *